ਫ਼ਤਹਿਗੜ੍ਹ ਸਾਹਿਬ, 26 ਜੁਲਾਈ (ਬਲਜਿੰਦਰ ਸਿੰਘ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਅਹਿਮ ਮੀਟਿੰਗ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮਾਤਾ ਗੁਜਰੀ ਨਿਵਾਸ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਜ਼ਿਲ੍ਹੇ ਦੇ ਪੰਜਾਂ ਬਲਾਕਾਂ ਦੇ ਸਾਰੇ ਸਰਕਲਾਂ ਤੋਂ ਪ੍ਰਧਾਨ, ਸਕੱਤਰ ਤੇ ਖ਼ਜ਼ਾਨਚੀ ਸ਼ਾਮਿਲ ਹੋਏ। ਮੀਟਿੰਗ ਦੌਰਾਨ 29 ਜੁਲਾਈ ਨੂੰ ਦਿੱਲੀ ਦੇ ਤਾਲ ਕਟੋਰਾ ਸਟੇਡੀਅਮ ਵਿਚ ਹੋਣ ਵਾਲੀ ਸਮੂਹ ਟਰੇਡ ਯੂਨੀਅਨਾਂ ਦੀ ਕਨਵੈੱਨਸ਼ਨ ਅਤੇ 10 ਅਗਸਤ ਦੇ ‘ਜੇਲ੍ਹ ਭਰੋ ਅੰਦੋਲਨ’ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਆਂਗਣਵਾੜੀ ਸੇਵਾਵਾਂ ਨੂੰ ਚੱਲਦੇ ਹੋਏ 50 ਸਾਲ ਪੂਰੇ ਹੋ ਚੁੱਕੇ ਹਨ। ਇਸ ਲੰਬੇ ਸਮੇਂ ਦੌਰਾਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਬੱਚਿਆਂ ਦੇ ਪੋਸ਼ਣ, ਪ੍ਰੀ-ਸਕੂਲ ਸਿੱਖਿਆ, ਗਰਭਵਤੀ ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਸਿਹਤ ਸੰਭਾਲ, ਟੀਕਾਕਰਨ, ਪੋਸ਼ਣ ਜਾਗਰੂਕਤਾ ਤੇ ਸਰਕਾਰ ਦੀਆਂ ਅਨੇਕਾਂ ਸਮਾਜਿਕ ਭਲਾਈ ਸਕੀਮਾਂ ਨੂੰ ਘਰ-ਘਰ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਅੱਜ ਵੀ ਹਰ ਸਰਕਾਰੀ ਮੁਹਿੰਮ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮੋਢਿਆਂ ’ਤੇ ਹੈ। ਇਸ ਦੇ ਬਾਵਜੂਦ ਵੀ ਸਰਕਾਰਾਂ ਨੇ ਆਂਗਣਵਾੜੀ ਮੁਲਾਜ਼ਮਾਂ ਨੂੰ ਨਾ ਮੁਲਾਜ਼ਮ ਦਾ ਦਰਜਾ ਦਿੱਤਾ, ਨਾ ਹੀ ਇੱਜ਼ਤਯੋਗ ਮਾਣ-ਭੱਤਾ, ਸਮਾਜਿਕ ਸੁਰੱਖਿਆ ਅਤੇ ਹੋਰ ਕਾਨੂੰਨੀ ਹੱਕ ਦਿੱਤੇ। ਉਲਟਾ ਉਨ੍ਹਾਂ ’ਤੇ ਰੋਜ਼ਾਨਾ ਨਵੀਆਂ-ਨਵੀਆਂ ਡਿਊਟੀਆਂ ਅਤੇ ਸਰਵੇਆਂ ਦਾ ਬੋਝ ਪਾਇਆ ਜਾ ਰਿਹਾ ਹੈ। ਸਰਕਾਰਾਂ ਵਲੋਂ ਉਨ੍ਹਾਂ ਦੀਆਂ ਹੱਕੀ ਮੰਗਾਂ ਪ੍ਰਤੀ ਲਗਾਤਾਰ ਕੀਤੀ ਜਾ ਰਹੀ ਅਣਦੇਖੀ ਬਿਲਕੁਲ ਅਸਵੀਕਾਰ ਯੋਗ ਹੈ। ਯੂਨੀਅਨ ਨੇ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣ-ਭੱਤਾ ਦੁੱਗਣਾ ਕੀਤਾ ਜਾਵੇ, ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਗ੍ਰੈਚੁਟੀ ਦਿੱਤੀ ਜਾਵੇ, ਹੈਲਪਰਾਂ ਨੂੰ ਤਜਰਬੇ ਦੇ ਆਧਾਰ ’ਤੇ ਵਰਕਰ ਵਜੋਂ ਤਰੱਕੀ ਦਿੱਤੀ ਜਾਵੇ, 2018 ਤੋਂ ਕੇਂਦਰ ਸਰਕਾਰ ਵਲੋਂ ਵਾਅਦਾ ਕੀਤੇ ਸਮਾਰਟ ਮੋਬਾਈਲ ਫ਼ੋਨ ਤੁਰੰਤ ਦਿੱਤੇ ਜਾਣ, ਮੋਬਾਈਲ ਭੱਤਾ ਦੁੱਗਣਾ ਕੀਤਾ ਜਾਵੇ ਅਤੇ ਆਂਗਣਵਾੜੀ ਮੁਲਾਜ਼ਮਾਂ ਦੀਆਂ ਸਾਰੀਆਂ ਲੰਬਿਤ ਹੱਕੀ ਮੰਗਾਂ ਤੁਰੰਤ ਮੰਨੀਆਂ ਜਾਣ। ਮੀਟਿੰਗ ਵਿਚ ਦੋ-ਟੁੱਕ ਐਲਾਨ ਕੀਤਾ ਗਿਆ ਕਿ ਜੇਕਰ ਪੰਜਾਬ ਸਰਕਾਰ ਨੇ ਆਪਣਾ ਅੜੀਅਲ ਰਵੱਈਆ ਨਾ ਬਦਲਿਆ ਤਾਂ ਯੂਨੀਅਨ ਸੂਬੇ ਭਰ ਵਿਚ ਆਪਣਾ ਸੰਘਰਸ਼ ਹੋਰ ਤੇਜ਼ ਕਰੇਗੀ ਅਤੇ 29 ਜੁਲਾਈ ਦੀ ਦਿੱਲੀ ਕਨਵੈੱਨਸ਼ਨ ਤੇ 10 ਅਗਸਤ ਦੇ ਜੇਲ੍ਹ ਭਰੋ ਅੰਦੋਲਨ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਸਰਕਾਰ ਨੂੰ ਮਜ਼ਦੂਰਾਂ ਦੀ ਏਕਤਾ ਤੇ ਤਾਕਤ ਦਾ ਅਹਿਸਾਸ ਕਰਵਾਇਆ ਜਾਵੇਗਾ। ਮੀਟਿੰਗ ਨੂੰ ਗੁਰਮੀਤ ਕੌਰ ਚੁੰਨੀ ਜ਼ਿਲ੍ਹਾ ਜਨਰਲ ਸਕੱਤਰ, ਗੁਰਬਚਨ ਕੌਰ, ਚਰਨਜੀਤ ਕੌਰ ਬਸੀ, ਸੁਰਜੀਤ ਕੌਰ, ਸਤਵੰਤ ਕੌਰ, ਜਸਵਿੰਦਰ ਕੌਰ ਅਮਲੋਹ, ਸ਼ਰਨਜੀਤ ਕੌਰ, ਕਰਮਜੀਤ ਕੌਰ, ਜਸਜੀਤ ਕੌਰ, ਇੰਦਰਪਾਲ ਕੌਰ, ਗੁਰਮੀਤ ਕੌਰ ਰੁੜਕੀ, ਪਰਮਜੀਤ ਕੌਰ, ਬਲਵਿੰਦਰ ਕੌਰ, ਕੁਲਵੰਤ ਕੌਰ, ਰਾਜਵਿੰਦਰ ਕੌਰ, ਕਰਮਜੀਤ ਕੌਰ, ਰਣਜੀਤ ਕੌਰ ਤੇ ਬਲਜੀਤ ਕੌਰ ਨੇ ਸੰਬੋਧਨ ਕੀਤਾ।