ਖੇਤੀ ਖੇਤਰ ਨੂੰ ਲੱਗ ਰਹੇ ਹਨ ਬਿਜਲੀ ਦੇ ਲੰਬੇ ਕੱਟ
ਨਾਕਸ ਬਿਜਲੀ ਸਪਲਾਈ ਕਾਰਨ ਝੋਨੇ ਦੀ ਫ਼ਸਲ ਲਈ ਬਣੀ ਪਾਣੀ ਦੀ ਵੱਡੀ ਘਾਟ
ਅਮਲੋਹ, 31 ਅਗਸਤ (ਅੰਮ੍ਰਿਤ ਸਿੰਘ ਸ਼ੇਰਗਿੱਲ)-ਹੁਣ ਜਦੋਂ ਝੋਨੇ ਦੀ ਫ਼ਸਲ ਪੱਕਣ ਕਿਨਾਰੇ ਪੁੱਜ ਗਈ ਤੇ ਇਸ ਨੂੰ ਪਾਣੀ ਦੀ ਬੇਹੱਦ ਲੋੜ ਹੈ ਤਾਂ ਪਾਵਰਕਾਮ ਵਲੋਂ ਲਗਾਏ ਜਾ ਰਹੇ ਲੰਬੇ ਬਿਜਲੀ ਕੱਟਾਂ ਕਾਰਨ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਬਚਾਉਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਕਸ ਬਿਜਲੀ ਸਪਲਾਈ ਕਾਰਨ ਫ਼ਸਲਾਂ ਨੂੰ ਲੋੜੀਂਦਾ ਪਾਣੀ ਨਾ ਮਿਲਣ ਕਰਕੇ ਕਿਸਾਨਾਂ ਨੇ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ।
ਅਮਲੋਹ, 31 ਅਗਸਤ (ਅੰਮ੍ਰਿਤ ਸਿੰਘ ਸ਼ੇਰਗਿੱਲ)-ਹੁਣ ਜਦੋਂ ਝੋਨੇ ਦੀ ਫ਼ਸਲ ਪੱਕਣ ਕਿਨਾਰੇ ਪੁੱਜ ਗਈ ਤੇ ਇਸ ਨੂੰ ਪਾਣੀ ਦੀ ਬੇਹੱਦ ਲੋੜ ਹੈ ਤਾਂ ਪਾਵਰਕਾਮ ਵਲੋਂ ਲਗਾਏ ਜਾ ਰਹੇ ਲੰਬੇ ਬਿਜਲੀ ਕੱਟਾਂ ਕਾਰਨ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਬਚਾਉਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਕਸ ਬਿਜਲੀ ਸਪਲਾਈ ਕਾਰਨ ਫ਼ਸਲਾਂ ਨੂੰ ਲੋੜੀਂਦਾ ਪਾਣੀ ਨਾ ਮਿਲਣ ਕਰਕੇ ਕਿਸਾਨਾਂ ਨੇ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ। ਬਣੇ ਇਨ੍ਹਾਂ ਹਾਲਾਤ ਦੇ ਮੱਦੇਨਜ਼ਰ ਅਮਲੋਹ ਬਲਾਕ ਦੇ ਕਿਸਾਨਾਂ ਵਲੋਂ ਕਿਸਾਨ ਜਥੇਬੰਦੀ ਉਗਰਾਹਾਂ ਦੇ ਨੁਮਾਇੰਦਿਆਂ ਨਾਲ ਪਾਵਰਕਾਮ ਦੇ ਦਫ਼ਤਰ ਪੁੱਜ ਕੇ ਅਧਿਕਾਰੀਆਂ ਨੂੰ ਬਿਜਲੀ ਸਪਲਾਈ ਵਿਚ ਤੁਰੰਤ ਸੁਧਾਰ ਲਈ ਮੰਗ ਪੱਤਰ ਦਿੱਤਾ। ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਬਿਜਾਈ ਸ਼ੁਰੂ ਹੋਣ ਸਮੇਂ ਬਿਜਲੀ ਸਪਲਾਈ ਕਾਫ਼ੀ ਹੱਦ ਤੱਕ ਠੀਕ ਰਹੀ, ਪਰ ਬਿਜਾਈ ਮੁਕੰਮਲ ਹੁੰਦੇ ਹੀ ਸਪਲਾਈ ਵਿਚ ਵੱਡੀ ਗਿਰਾਵਟ ਆ ਗਈ। ਸਰਕਾਰ ਵਲੋਂ ਅੱਠ ਘੰਟੇ ਬਿਜਲੀ ਸਪਲਾਈ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਕਈ ਵਾਰ ਦੋ-ਤਿੰਨ ਘੰਟਿਆਂ ਦੇ ਲਗਾਤਾਰ ਕੱਟ ਲੱਗਦੇ ਹਨ ਅਤੇ ਅੱਠ ਘੰਟਿਆਂ ਦੀ ਬਜਾਏ ਸਿਰਫ਼ ਚਾਰ ਘੰਟੇ ਦੇ ਕਰੀਬ ਬਿਜਲੀ ਮਿਲਦੀ ਹੈ। ਕਿਸਾਨਾਂ ਨੇ ਕਿਹਾ ਕਿ ਇਸ ਵਾਰ ਮੌਨਸੂਨ ਕਮਜ਼ੋਰ ਰਹਿਣ ਕਾਰਨ ਬਰਸਾਤ ਵੀ ਆਮ ਨਾਲੋਂ ਘੱਟ ਹੋਈ ਹੈ, ਜਿਸ ਕਾਰਨ ਫ਼ਸਲਾਂ ਨੂੰ ਸਿੰਚਾਈ ਲਈ ਪਾਣੀ ਦੀ ਵਧੇਰੇ ਲੋੜ ਪਈ। ਬਿਜਲੀ ਸਪਲਾਈ ਦੇ ਮਾੜੇ ਪ੍ਰਬੰਧਾਂ ਕਾਰਨ ਉਨ੍ਹਾਂ ਲਈ ਝੋਨੇ ਨੂੰ ਸਮੇਂ ਸਿਰ ਪਾਣੀ ਦੇਣਾ ਮੁਸ਼ਕਿਲ ਹੋ ਗਿਆ ਹੈ ਉਨ੍ਹਾਂ ਦੱਸਿਆ ਕਿ ਜੇਕਰ ਸਪਲਾਈ ਵਿਚ ਸੁਧਾਰ ਨਾ ਕੀਤਾ ਗਿਆ ਤਾਂ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਕਿਸਾਨਾਂ ਨੇ ਦੱਸਿਆ ਕਿ ਅਮਲੋਹ ਬਿਜਲੀ ਗਰਿੱਡ ਨਾਲ ਜੁੜੇ ਫੀਡਰਾਂ ਦੀ ਹਾਲਤ ਵੀ ਤਸੱਲੀਬਖ਼ਸ਼ ਨਹੀਂ ਹੈ। ਆਏ ਦਿਨ ਕੋਈ ਨਾ ਕੋਈ ਫੀਡਰ ਬੰਦ ਰਹਿੰਦਾ ਹੈ। ਅਧਿਕਾਰੀਆਂ ਵਲੋਂ ਅਕਸਰ ਗਰਿੱਡ ਵਿਚ ਨੁਕਸ ਪੈਣ ਤੇ ਮੁਰੰਮਤ ਕੀਤੇ ਜਾਣ ਦਾ ਹਵਾਲਾ ਦਿੱਤਾ ਜਾਂਦਾ ਹੈ, ਪਰ ਨੁਕਸ ਦੂਰ ਹੋਣ ਤੋਂ ਬਾਅਦ ਵੀ ਸਪਲਾਈ ਨਿਰਵਿਘਨ ਨਹੀਂ ਚੱਲਦੀ। ਕਿਸਾਨਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇ ਦਾਅਵਿਆਂ ਦੇ ਉਲਟ ਕਈ ਫੀਡਰਾਂ ਨੂੰ ਛੇ ਘੰਟੇ ਵੀ ਬਿਜਲੀ ਨਹੀਂ ਮਿਲ ਰਹੀ।