ਆਪਣੇ ਆਪ ਨੂੰ ਵਾਰਿਸ ਕਹਾਉਣ ਵਾਲਿਆਂ ਦਾ ਇਕੋ ਅਜੰਡਾ ਅਕਾਲੀ ਦਲ ਨੂੰ ਹਰਾਉਣਾ ਹੈ, ਨਾ ਕਿ ਪੰਥ ਨੂੰ ਬਚਾਉਣਾ- ਸੁਖਬੀਰ ਸਿੰਘ ਬਾਦਲ
ਫ਼ਤਹਿਗੜ੍ਹ ਸਾਹਿਬ, 15 ਸਤੰਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਬਲਜੀਤ ਸਿੰਘ ਭੁੱਟਾ ਦੀ ਅਗਵਾਈ ਹੇਠ ਅਨਾਜ ਮੰਡੀ ਸਰਹਿੰਦ ਵਿਖੇ ਕਰਵਾਈ ਗਈ ਪੰਜਾਬ ਬਚਾਓ ਰੈਲੀ ਦੌਰਾਨ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖਾਂ ਦਾ ਮਖੌਟਾ ਪਾ ਕੇ ਆਪਣੇ ਆਪ ਨੂੰ ਵਾਰਿਸ ਕਹਾਉਣ ਵਾਲਿਆਂ ਦਾ ਇਕੋ ਅਜੰਡਾ ਆਮ ਆਦਮੀ ਪਾਰਟੀ ਦੀ ਟੀਮ ਬਣ ਕੇ ਅਕਾਲੀ ਦਲ ਨੂੰ ਹਰਾਉਣਾ ਹੈ, ਨਾ ਕਿ ਪੰਥ ਨੂੰ ਬਚਾਉਣਾ, ਕਿਉਂਕਿ ਭਗਵੰਤ ਮਾਨ ਸਰਕਾਰ ਪੰਜਾਬ ਦੇ ਵਾਰਿਸ ਕਹਾਉਣ ਵਾਲਿਆਂ ਨੂੰ ਫ਼ੰਡ ਮੁਹੱਈਆ ਕਰਵਾਉਂਦੀ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਵਾਰਿਸ ਕਹਾਉਣ ਵਾਲਿਆਂ ਦੇ ਪਿਛੋਕੜ ’ਤੇ ਝਾਤ ਜ਼ਰੂਰ ਮਾਰ ਲਈ ਜਾਵੇ।
ਫ਼ਤਹਿਗੜ੍ਹ ਸਾਹਿਬ, 15 ਸਤੰਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਬਲਜੀਤ ਸਿੰਘ ਭੁੱਟਾ ਦੀ ਅਗਵਾਈ ਹੇਠ ਅਨਾਜ ਮੰਡੀ ਸਰਹਿੰਦ ਵਿਖੇ ਕਰਵਾਈ ਗਈ ਪੰਜਾਬ ਬਚਾਓ ਰੈਲੀ ਦੌਰਾਨ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖਾਂ ਦਾ ਮਖੌਟਾ ਪਾ ਕੇ ਆਪਣੇ ਆਪ ਨੂੰ ਵਾਰਿਸ ਕਹਾਉਣ ਵਾਲਿਆਂ ਦਾ ਇਕੋ ਅਜੰਡਾ ਆਮ ਆਦਮੀ ਪਾਰਟੀ ਦੀ ਟੀਮ ਬਣ ਕੇ ਅਕਾਲੀ ਦਲ ਨੂੰ ਹਰਾਉਣਾ ਹੈ, ਨਾ ਕਿ ਪੰਥ ਨੂੰ ਬਚਾਉਣਾ, ਕਿਉਂਕਿ ਭਗਵੰਤ ਮਾਨ ਸਰਕਾਰ ਪੰਜਾਬ ਦੇ ਵਾਰਿਸ ਕਹਾਉਣ ਵਾਲਿਆਂ ਨੂੰ ਫ਼ੰਡ ਮੁਹੱਈਆ ਕਰਵਾਉਂਦੀ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਵਾਰਿਸ ਕਹਾਉਣ ਵਾਲਿਆਂ ਦੇ ਪਿਛੋਕੜ ’ਤੇ ਝਾਤ ਜ਼ਰੂਰ ਮਾਰ ਲਈ ਜਾਵੇ। ਪੰਜਾਬ ਵਿਚ ਪੈਦਾ ਹੋਏ ਮੌਜੂਦਾ ਬਿਜਲੀ ਸੰਕਟ ’ਤੇ ‘ਆਪ’ ਸਰਕਾਰ ਨੂੰ ਘੇਰਦਿਆਂ ਸ. ਬਾਦਲ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਵਲੋਂ ਬਿਜਲੀ ਦੇ ਖੇਤਰ ਵਿਚ ਕੋਈ ਨਵਾਂ ਯੂਨਿਟ ਸਥਾਪਿਤ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਸੂਬੇ ਵਿਚ ਬਿਜਲੀ ਸਪਲਾਈ ਨੂੰ ਮਜ਼ਬੂਤ ਕਰਨ ਲਈ ਥਰਮਲ ਪਲਾਂਟ ਸਥਾਪਿਤ ਕੀਤੇ ਗਏ ਸਨ, ਪਰ ਬਾਅਦ ਦੀਆਂ ਸਰਕਾਰਾਂ ਵਲੋਂ ਕੋਈ ਨਵਾਂ ਯੂਨਿਟ ਸਥਾਪਿਤ ਨਹੀਂ ਕੀਤਾ ਗਿਆ, ਜਿਸ ਕਾਰਨ ਪੰਜਾਬ ਨੂੰ ਅੱਜ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਵਾਗਡੋਰ ਅਕਾਲੀ ਦਲ ਵਲੋਂ ਸੰਭਾਲਣ ਮਗਰੋਂ ਜਿਹੜੇ ਕਿਸਾਨਾਂ ਕੋਲ ਟਿਊਬਵੈੱਲ ਕੁਨੈਕਸ਼ਨ ਨਹੀਂ ਹਨ, ਉਨ੍ਹਾਂ ਨੂੰ ਕੁਨੈਕਸ਼ਨ ਦਿੱਤੇ ਜਾਣਗੇ। ਇਸੇ ਤਰੀਕੇ ਆਟਾ ਦਾਲ ਸਕੀਮ ਦੇ ਤਹਿਤ 50 ਕਿੱਲੋ ਕਣਕ ਪ੍ਰਦਾਨ ਕੀਤੀ ਜਾਵੇਗੀ ਤੇ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ ਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਹਰ ਜ਼ਿਲ੍ਹਾ ਹੈੱਡਕੁਆਟਰ ’ਤੇ ਮੈਡੀਕਲ ਤੇ ਵੈਟਰਨਰੀ ਕਾਲਜ ਬਣਾਏ ਜਾਣਗੇ ਤੇ ਨੌਜਵਾਨਾਂ ਨੂੰ 10 ਲੱਖ ਰੁਪਏ ਤੱਕ ਵਿਆਜ ਮੁਕਤ ਕਰਜ਼ਾ ਦਿੱਤਾ ਜਾਵੇਗਾ ਤੇ ਪਸ਼ੂ ਪਾਲਨ ਦੇ ਪ੍ਰਾਜੈਕਟਾਂ ਵਾਸਤੇ 75 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ। ਠਾਠਾਂ ਮਾਰਦੇ ਇਕੱਠ ਲਈ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੂੰ ਵਧਾਈ ਦਿੰਦਿਆਂ ਸ. ਬਦਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਹਨੇਰੀ ਚੱਲਣੀ ਸ਼ੁਰੂ ਹੋ ਗਈ ਹੈ ਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਕੇਂਦਰੀ ਏਜੰਸੀਆਂ ਨਾਲ ਰਲੇ ਸਿੱਖ ਪੰਥ ਦੇ ਗ਼ੱਦਾਰ ਤੇ ਦਿੱਲੀ ਦੀਆਂ ਪਾਰਟੀਆਂ ਇਸ ਹਨੇਰੀ ਵਿਚ ਉੱਡ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹ ਪਛਾਣਨ ਕਿ ਕਿਹੜੀ ਪਾਰਟੀ ਉਨ੍ਹਾਂ ਦੀ ਆਪਣੀ ਹੈ, ਅਤੇ ਕੌਣ ਏਜੰਸੀਆਂ ਦੀ ਕਠਪੁਤਲੀ ਵਾਂਗੂ ਕੰਮ ਕਰ ਰਹੇ ਹਨ। ਮੁੱਖ ਮੰਤਰੀ ’ਤੇ ਤਿੱਖਾ ਹਮਲਾ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਨੇ ਇਸ ਤੋਂ ਮਾੜਾ ਮੁੱਖ ਮੰਤਰੀ ਨਹੀਂ ਵੇਖਿਆ, ਕਿਉਂਕਿ ਭਗਵੰਤ ਮਾਨ ਨਾ ਸਿਰਫ਼ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੀ ਬੇਅਦਬੀ ਕਰਨ ਦਾ ਦੋਸ਼ੀ ਹੈ ਬਲਕਿ ਉਸ ਨੇ ਮੁੱਖ ਮੰਤਰੀ ਦੇ ਦਫ਼ਤਰ ਨੂੰ ਭ੍ਰਿਸ਼ਟਾਚਾਰ ਦਾ ਅੱਡਾ ਬਣਾ ਦਿੱਤਾ ਹੈ। ਉਨ੍ਹਾਂ ਨੇ ਗੁਲਜ਼ਾਰ ਸਿੰਘ ਦੀ ਮੌਤ ਦੀ ਘਟਨਾ ਨੂੰ ਛੋਟੀ ਮੋਟੀ ਘਟਨਾ ਕਰਾਰ ਦੇਣ ’ਤੇ ਵੀ ਮੁੱਖ ਮੰਤਰੀ ਦੇ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਵੀ ਕੀਤੀ। ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਬਲਜੀਤ ਸਿੰਘ ਭੁੱਟਾ ਨੂੰ ਉਮੀਦਵਾਰ ਐਲਾਨਿਆ ਰੈਲੀ ਦੌਰਾਨ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਵਲੋਂ ਕੀਤੀ ਗਈ ਮਿਹਨਤ ਦੀ ਸ਼ਲਾਘਾ ਕਰਦਿਆਂ ਸ. ਬਾਦਲ ਨੇ ਉਨ੍ਹਾਂ ਨੂੰ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਪਾਰਟੀ ਉਮੀਦਵਾਰ ਵੀ ਐਲਾਨਿਆ। ਉਨ੍ਹਾਂ ਕਿਹਾ ਕਿ ਜੇਕਰ ਹਲਕੇ ਦੇ ਲੋਕ ਇਸੇ ਤਰ੍ਹਾਂ ਅਕਾਲੀ ਦਲ ਨੂੰ ਪਿਆਰ ਅਤੇ ਸਮਰਥਨ ਦਿੰਦੇ ਰਹੇ ਤਾਂ ਬਲਜੀਤ ਸਿੰਘ ਭੁੱਟਾ ਨੂੰ ਵਿਧਾਨ ਸਭਾ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਪਾਰਟੀ ਪੂਰੀ ਤਨਦੇਹੀ ਨਾਲ ਨਿਭਾਏਗੀ। ਇਸ ਮੌਕੇ ਬਲਜੀਤ ਸਿੰਘ ਭੁੱਟਾ ਨੇ ਰੈਲੀ ਦੌਰਾਨ ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ ਉੱਥੇ ਹੀ ਹਲਕੇ ਦੇ ਲੋਕਾਂ ਪਾਸੋਂ ਮਿਲੇ ਪਿਆਰ, ਸਤਿਕਾਰ ਤੇ ਪ੍ਰਗਟਾਏ ਵਿਸ਼ਵਾਸ ਬਦਲੇ ਲੋਕਾਂ ਦਾ ਵੀ ਧੰਨਵਾਦ ਕੀਤਾ। ਇਸ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਦਰਬਾਰਾ ਸਿੰਘ ਗੁਰੂ ਹਲਕਾ ਇੰਚਾਰਜ ਬਸੀ ਪਠਾਣਾਂ, ਗੁਰਪ੍ਰੀਤ ਸਿੰਘ ਰਾਜੂ ਖੰਨਾ ਹਲਕਾ ਇੰਚਾਰਜ ਅਮਲੋਹ, ਸਰਬਜੀਤ ਸਿੰਘ ਝਿੰਜਰ ਕੌਮੀ ਪ੍ਰਧਾਨ ਯੂਥ ਅਕਾਲੀ ਦਲ, ਸ਼ਰਨਜੀਤ ਸਿੰਘ ਚਨਾਰਥਲ ਜ਼ਿਲ੍ਹਾ ਪ੍ਰਧਾਨ, ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਅਵਤਾਰ ਸਿੰਘ ਰਿਆ, ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਤੇਜਿੰਦਰ ਸਿੰਘ ਮਿੱਡੂਖੇੜਾ, ਅਰਸ਼ਦੀਪ ਸਿੰਘ ਕਲੇਰ, ਮਨਮੋਹਨ ਸਿੰਘ ਮੁਕਾਰੋਂਪੁਰ, ਹਰਭਜਨ ਸਿੰਘ ਚਨਾਰਥਲ ਅਤੇ ਪਲਵਿੰਦਰ ਸਿੰਘ ਤਲਵਾੜਾ ਪ੍ਰਮੁੱਖ ਹਨ। ਇਸ ਰੈਲੀ ਦੌਰਾਨ ਪੀ.ਏ.ਸੀ ਮੈਂਬਰ ਦਿਲਬਾਗ ਸਿੰਘ ਬਾਘਾ ਅਤੇ ਸੀਨੀਅਰ ਆਗੂ ਹਰਵਿੰਦਰ ਸਿੰਘ ਬੱਬਲ ਦੇ ਸਟੇਜ਼ ਸਕੱਤਰ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਰੈਲੀ ਵਿਚ ਜਥੇਦਾਰ ਪ੍ਰਦੀਪ ਸਿੰਘ ਕਲੌੜ, ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ, ਸਵਰਨ ਸਿੰਘ ਸ਼ਿਵਦਾਸਪੁਰ, ਬੀਬੀ ਹਰਭਜਨ ਕੌਰ, ਰਵਿੰਦਰ ਸਿੰਘ ਰਵੀ ਜੱਲ੍ਹਾ, ਅੰਮ੍ਰਿਤਪਾਲ ਸਿੰਘ ਰਾਜੂ, ਡਾ. ਪਿ੍ਰਤਪਾਲ ਸਿੰਘ, ਪੰਕਜ ਸ਼ਰਮਾ, ਮਲਕੀਤ ਸਿੰਘ ਮਠਾੜੂ, ਨੰਬਰਦਾਰ ਮਨਦੀਪ ਸਿੰਘ, ਸਰਬਜੀਤ ਸਿੰਘ ਲਾਡੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਲਕੇ ਦੇ ਲੋਕ ਸ਼ਾਮਿਲ ਸਨ।