ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਸਾਊਥ ਜ਼ੋਨ ਯੂਥ ਫ਼ੈਸਟੀਵਲ ਦਾ ਸ਼ਾਨਦਾਰ ਆਗਾਜ਼
ਫ਼ਤਹਿਗੜ੍ਹ ਸਾਹਿਬ, 29 ਸਤੰਬਰ (ਬਲਜਿੰਦਰ ਸਿੰਘ)- ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਆਈ. ਕੇ.
ਫ਼ਤਹਿਗੜ੍ਹ ਸਾਹਿਬ, 29 ਸਤੰਬਰ (ਬਲਜਿੰਦਰ ਸਿੰਘ)- ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਸਾਊਥ ਜ਼ੋਨ ਯੂਥ ਫ਼ੈਸਟੀਵਲ 2026 ਉਤਸ਼ਾਹ ਤੇ ਜੋਸ਼ ਨਾਲ ਸ਼ੁਰੂ ਹੋਇਆ। ਦੋ ਦਿਨ ਚੱਲਣ ਵਾਲੇ ਇਸ ਯੂਥ ਫ਼ੈਸਟੀਵਲ ਵਿਚ 19 ਕਾਲਜਾਂ ਦੇ ਲਗਪਗ 1000 ਵਿਦਿਆਰਥੀ ਵੱਖ-ਵੱਖ ਸਭਿਆਚਾਰਕ ਅਤੇ ਸਾਹਿਤਕ ਮੁਕਾਬਲਿਆਂ ਵਿਚ ਭਾਗ ਲੈ ਰਹੇ ਹਨ। ਸਮਾਗਮ ਦੀ ਸ਼ੁਰੂਆਤ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਮੁੱਖ ਮਹਿਮਾਨ ਪੰਜਾਬੀ ਅਦਾਕਾਰ ਤੇ ਕਲਾਕਾਰ ਗੁਰਪ੍ਰੀਤ ਘੁੱਗੀ ਸਮੇਤ ਪਤਵੰਤੇ ਸੱਜਣਾਂ ਵੱਖ-ਵੱਖ ਕਾਲਜਾਂ ਤੋਂ ਪਹੁੰਚੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਯੂਥ ਫ਼ੈਸਟੀਵਲ ਨੂੰ ਸਫਲ ਬਣਾਉਣ ਲਈ ਕਾਲਜ ਦੇ ਸਟਾਫ਼ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਸਿੱਧ ਪੰਜਾਬੀ ਅਦਾਕਾਰ ਅਤੇ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵੀ ਆਪਣੇ ਕਲਾਤਮਕ ਸਫ਼ਰ ਦੀ ਸ਼ੁਰੂਆਤ ਅਜਿਹੇ ਹੀ ਮੰਚਾਂ ਤੋਂ ਕੀਤੀ ਸੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਯੂਥ ਫ਼ੈਸਟੀਵਲ ਵਿਚ ਭਾਗ ਲੈਣ ਲਈ ਵਧਾਈ ਦਿੰਦਿਆਂ ਆਪਣੀ ਰੁਚੀ ਤੇ ਦਿਲਚਸਪੀ ਵਾਲੇ ਖੇਤਰ ਵਿਚ ਲਗਨ ਨਾਲ ਅੱਗੇ ਵਧਣ ਅਤੇ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਗੁਰਪ੍ਰੀਤ ਘੁੱਗੀ ਨੇ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਦੀ ਜ਼ਿੰਮੇਵਾਰ ਅਤੇ ਸਹੀ ਵਰਤੋਂ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਤਕਨਾਲੋਜੀ ਦਾ ਸਹੀ ਇਸਤੇਮਾਲ ਗਿਆਨ ਅਤੇ ਵਿਕਾਸ ਲਈ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਪੰਜਾਬ ਦੇ ਅਮੀਰ ਇਤਿਹਾਸ, ਵਿਰਸੇ ਅਤੇ ਰਵਾਇਤਾਂ ਨਾਲ ਜੁੜੇ ਰਹਿਣ ਅਤੇ ਆਪਣੀ ਸਭਿਆਚਾਰਕ ਪਛਾਣ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾਲਜ ਦੇ ਟਰੱਸਟੀ ਰਵਿੰਦਰ ਸਿੰਘ ਖ਼ਾਲਸਾ, ਬਲਜੀਤ ਸਿੰਘ ਭੱਟਾ, ਮਨਪ੍ਰੀਤ ਸਿੰਘ ਸ਼ਾਹਪੁਰ ਅਤੇ ਐਡਵੋਕੇਟ ਅਮਰਦੀਪ ਸਿੰਘ ਧਰਨੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਐਡਵੋਕੇਟ ਧਰਨੀ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਗੁਰਪ੍ਰੀਤ ਘੁੱਗੀ ਨਾਲ ਜੁੜੀਆਂ ਕੁਝ ਯਾਦਾਂ ਅਤੇ ਦਿਲਚਸਪ ਪਲ ਸਾਂਝੇ ਕਰਦਿਆਂ ਯੂਥ ਫ਼ੈਸਟੀਵਲ ਵਿਚ ਭਾਗ ਲੈ ਰਹੇ ਸਾਰੇ ਪ੍ਰਤੀਭਾਗੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸਮਾਗਮ ਦੇ ਅੰਤ ਵਿਚ ਡਾ. ਏ. ਪੀ. ਐੱਸ. ਸੇਠੀ, ਡੀਨ ਵਿਦਿਆਰਥੀ ਮਾਮਲੇ ਨੇ ਵੋਟ ਆਫ਼ ਥੈਂਕਸ ਪੇਸ਼ ਕਰਦਿਆਂ ਮੁੱਖ ਮਹਿਮਾਨ, ਟਰੱਸਟੀ ਸਾਹਿਬਾਨ, ਪਤਵੰਤੇ ਸੱਜਣਾਂ, ਵੱਖ-ਵੱਖ ਕਾਲਜਾਂ ਤੋਂ ਆਏ ਅਧਿਆਪਕਾਂ, ਵਿਦਿਆਰਥੀਆਂ ਅਤੇ ਯੂਥ ਫ਼ੈਸਟੀਵਲ ਨੂੰ ਸਫਲ ਬਣਾਉਣ ਵਿਚ ਯੋਗਦਾਨ ਪਾਉਣ ਵਾਲੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ। ਯੂਥ ਫ਼ੈਸਟੀਵਲ ਦੌਰਾਨ ਵਿਦਿਆਰਥੀਆਂ ਵਲੋਂ ਭੰਗੜਾ, ਗਿੱਧਾ, ਗਾਇਨ, ਸਾਹਿਤਕ ਅਤੇ ਹੋਰ ਵੱਖ-ਵੱਖ ਸਭਿਆਚਾਰਕ ਮੁਕਾਬਲਿਆਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।