ਨਸ਼ੇ ਦੇ ਟੀਕਿਆਂ ਦੀ ਬਰਾਮਦਗੀ ਮਾਮਲੇ ’ਚ ਨੌਜਵਾਨ ਨੂੰ ਪੰਜ ਸਾਲ ਦੀ ਕੈਦ
ਫ਼ਤਹਿਗੜ੍ਹ ਸਾਹਿਬ, 18 ਅਕਤੂਬਰ (ਬਲਜਿੰਦਰ ਸਿੰਘ)- ਫ਼ਤਹਿਗੜ੍ਹ ਸਾਹਿਬ ਅਦਾਲਤ ਵਲੋਂ ਕਰੀਬ ਛੇ ਸਾਲ ਪਹਿਲਾਂ ਐਂਟੀ ਨਾਰਕੋਟਿਕ ਸੈੱਲ ਅਤੇ ਸਰਹਿੰਦ ਪੁਲਿਸ ਦੁਆਰਾ ਨਸ਼ੇ ਦੇ ਟੀਕਿਆਂ ਸਮੇਤ ਕਾਬੂ ਕੀਤੇ ਗਏ ਇਕ ਨੌਜਵਾਨ ਨੂੰ ਪੰਜ ਸਾਲ ਕੈਦ ਅਤੇ 50 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਏ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 16 ਦਸੰਬਰ 2020 ਨੂੰ ਥਾਣਾ ਸਰਹਿੰਦ ਵਿਖੇ ਧਾਰਾ 22(ਬੀ)/61/85 ਐਨ.
ਫ਼ਤਹਿਗੜ੍ਹ ਸਾਹਿਬ, 18 ਅਕਤੂਬਰ (ਬਲਜਿੰਦਰ ਸਿੰਘ)- ਫ਼ਤਹਿਗੜ੍ਹ ਸਾਹਿਬ ਅਦਾਲਤ ਵਲੋਂ ਕਰੀਬ ਛੇ ਸਾਲ ਪਹਿਲਾਂ ਐਂਟੀ ਨਾਰਕੋਟਿਕ ਸੈੱਲ ਅਤੇ ਸਰਹਿੰਦ ਪੁਲਿਸ ਦੁਆਰਾ ਨਸ਼ੇ ਦੇ ਟੀਕਿਆਂ ਸਮੇਤ ਕਾਬੂ ਕੀਤੇ ਗਏ ਇਕ ਨੌਜਵਾਨ ਨੂੰ ਪੰਜ ਸਾਲ ਕੈਦ ਅਤੇ 50 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਏ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 16 ਦਸੰਬਰ 2020 ਨੂੰ ਥਾਣਾ ਸਰਹਿੰਦ ਵਿਖੇ ਧਾਰਾ 22(ਬੀ)/61/85 ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕੀਤੇ ਗਏ ਮੁਕੱਦਮੇ ਵਿਚ ਮਨਿੰਦਰ ਸਿੰਘ ਉਰਫ਼ ਮਨੀ (29) ਵਾਸੀ ਸਰਹਿੰਦ ਨੂੰ ਗ੍ਰਿਫ਼ਤਾਰ ਕਰਦੇ ਹੋਏ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਐਂਟੀ ਨਾਰਕੋਟਿਕ ਸੈੱਲ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਥਾਣੇਦਾਰ ਗੁਰਮੀਤ ਕੁਮਾਰ ਨੇ ਥਾਣਾ ਸਰਹਿੰਦ ਦੀ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਉਨ੍ਹਾਂ ਨੂੰ ਮੁਖ਼ਬਰੀ ਮਿਲੀ ਹੈ ਕਿ ਮਨਿੰਦਰ ਸਿੰਘ ਉਰਫ਼ ਮਨੀ ਜੋ ਕਿ ਨਸ਼ੇ ਦੇ ਟੀਕੇ ਵੇਚਣ ਅਤੇ ਲਗਾਉਣ ਦਾ ਆਦੀ ਹੈ, ਅੰਬਾਲਾ ਸਾਈਡ ਤੋਂ ਮੋਟਰਸਾਈਕਲ ਤੇ ਟੀਕੇ ਲੈ ਕੇ ਆ ਰਿਹਾ ਹੈ। ਉਕਤ ਸੂਚਨਾ ਦੇ ਆਧਾਰ ’ਤੇ ਸਰਹਿੰਦ ਦੇ ਮਾਧੋਪੁਰ ਚੌਕ ਨਜ਼ਦੀਕ ਕੀਤੀ ਗਈ ਨਾਕਾਬੰਦੀ ਦੌਰਾਨ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਮਨਿੰਦਰ ਸਿੰਘ ਉਰਫ਼ ਮਨੀ ਨੂੰ ਕਾਬੂ ਕਰ ਲਿਆ ਗਿਆ। ਜਿਸ ਦੇ ਕਬਜ਼ੇ ਵਾਲੇ ਸਪਲੈਂਡਰ ਮੋਟਰਸਾਈਕਲ ਦੇ ਟੂਲ ਬਾਕਸ ਵਿਚੋਂ 10 ਟੀਕੇ ਬਿਊਪ੍ਰੋਨੋਰਫਿਨ ਅਤੇ 10 ਸ਼ੀਸ਼ੀਆਂ ਏਵਿਲ ਬਰਾਮਦ ਹੋਈਆਂ। ਸਥਾਨਕ ਅਦਾਲਤ ਵਿਚ ਚੱਲੀ ਉਕਤ ਮੁਕੱਦਮੇ ਦੀ ਸੁਣਵਾਈ ਪੂਰੀ ਹੋਣ ’ਤੇ ਫ਼ਤਹਿਗੜ੍ਹ ਸਾਹਿਬ ਦੀ ਸਪੈਸ਼ਲ ਅਦਾਲਤ ਨੇ ਮਨਿੰਦਰ ਸਿੰਘ ਉਰਫ਼ ਮਨੀ ਨੂੰ ਮਾਮਲੇ ਵਿਚ ਧਾਰਾ 22(ਬੀ) ਐਨ.ਡੀ.ਪੀ.ਐਸ. ਐਕਟ ਤਹਿਤ ਦੋਸ਼ੀ ਮੰਨਦੇ ਹੋਏ 5 ਸਾਲ ਕੈਦ ਬਾਮੁਸ਼ੱਕਤ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।