ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਨੇ ਅਨਾਜ ਮੰਡੀ ’ਚ ਕਿਸਾਨਾਂ ਤੇ ਆੜ੍ਹਤੀਆਂ ਨਾਲ ਕੀਤੀ ਮੁਲਾਕਾਤ
ਬਸੀ ਪਠਾਣਾਂ, 26 ਅਕਤੂਬਰ (ਰਾਜਿੰਦਰ ਸ਼ਰਮਾ, ਐਚ. ਐਸ.
ਬਸੀ ਪਠਾਣਾਂ, 26 ਅਕਤੂਬਰ (ਰਾਜਿੰਦਰ ਸ਼ਰਮਾ, ਐਚ.ਐਸ.ਗੌਤਮ)-ਝੋਨੇ ਦੇ ਖ਼ਰੀਦ ਸੀਜ਼ਨ ਦੌਰਾਨ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿਚ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਹੀਂ ਆਉਣੀ ਚਾਹੀਦੀ ਅਤੇ ਸਰਕਾਰ ਨੂੰ ਮੰਡੀਆਂ ਵਿਚ ਖ਼ਰੀਦ ਪ੍ਰਬੰਧਾਂ ਦੇ ਨਾਲ-ਨਾਲ ਕਿਸਾਨਾਂ ਦੀਆਂ ਹਰ ਸਮੱਸਿਆਵਾਂ ਦੇ ਹੱਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਨੇ ਬਸੀ ਪਠਾਣਾਂ ਦੀ ਅਨਾਜ ਮੰਡੀ ’ਚ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਮੁਲਾਕਾਤ ਦੌਰਾਨ ਕਰਦਿਆਂ ਮੰਡੀ ’ਚ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਝੋਨੇ ਦੇ ਝਾੜ, ਫ਼ਸਲ ਦੀ ਪੈਦਾਵਾਰ ਅਤੇ ਪਿਛੇਤੀ ਕਿਸਮਾਂ ਦੇ ਝੋਨੇ ਦੀ ਮੰਡੀ ਵਿਚ ਆਮਦ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ। ਜਸਟਿਸ ਨਿਰਮਲ ਸਿੰਘ ਨੇ ਮੰਡੀ ’ਚ ਫੈਡਰੇਸ਼ਨ ਆਫ਼ ਆੜ੍ਹਤੀਆਂ ਐਸੋਸ਼ੀਏਅਨ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਅਤੇ ਮੰਡੀ ਪ੍ਰਧਾਨ ਹਰਜੀਤ ਸਿੰਘ ਚੀਮਾ ਨਾਲ ਵੀ ਵਿਸਥਾਰਪੂਰਵਕ ਗੱਲਬਾਤ ਕੀਤੀ ਅਤੇ ਪੰਜਾਬ ਸਰਕਾਰ ਦੀਆਂ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ ਹੁਣ ਤੱਕ ਖ਼ਰੀਦ ਕੀਤੇ ਗਏ ਝੋਨੇ ਦੇ ਅੰਕੜਿਆਂ ਅਤੇ ਝੋਨੇ ਦੀ ਅਦਾਇਗੀ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫ਼ਸਲ ਦੀ ਖ਼ਰੀਦ ਸਮੇਂ ਸਿਰ ਕਰਕੇ ਅਦਾਇਗੀ ਨੂੰ ਯਕੀਨੀ ਬਣਾਉਣਾ ਖ਼ਰੀਦ ਪ੍ਰਬੰਧਾਂ ਦੀ ਅਹਿਮ ਜ਼ਿੰਮੇਵਾਰੀ ਹੈ। ਇਸ ਮੌਕੇ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ, ਮੰਡੀ ਪ੍ਰਧਾਨ ਹਰਜੀਤ ਸਿੰਘ ਚੀਮਾ, ਵਿਸ਼ਾਲ ਗੁਪਤਾ, ਕੁਲਦੀਪ ਸਿੰਘ, ਵਾਸਦੇਵ ਨੰਦਾ, ਕੁਲਜਿੰਦਰ ਸਿੰਘ, ਰਾਜੀਵ ਸਿੰਗਲਾ, ਮਨਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਆੜ੍ਹਤੀ ਹਾਜ਼ਰ ਸਨ।