ਡਾਇਟ ਫ਼ਤਹਿਗੜ੍ਹ ਸਾਹਿਬ ਵਿਖੇ ‘ਮਾਂ ਮੁਝੇ ਟੈਗੋਰ ਬਣਾ ਦੇ’ ਨਾਟਕ ਦਾ ਮੰਚਨ
. ਫਤਹਿਗੜ੍ਹ ਸਾਹਿਬ, 23 ਨਵੰਬਰ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਫ਼ਤਹਿਗੜ੍ਹ ਸਾਹਿਬ ਵਿਖੇ ‘ਮਾਂ ਮੁਝੇ ਟੈਗੋਰ ਬਣਾ ਦੇ’ ਸੋਲੋ ਨਾਟਕ ਦਾ ਪ੍ਰਭਾਵਸ਼ਾਲੀ ਮੰਚਨ ਕੀਤਾ ਗਿਆ।
. ਫਤਹਿਗੜ੍ਹ ਸਾਹਿਬ, 23 ਨਵੰਬਰ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਫ਼ਤਹਿਗੜ੍ਹ ਸਾਹਿਬ ਵਿਖੇ ‘ਮਾਂ ਮੁਝੇ ਟੈਗੋਰ ਬਣਾ ਦੇ’ ਸੋਲੋ ਨਾਟਕ ਦਾ ਪ੍ਰਭਾਵਸ਼ਾਲੀ ਮੰਚਨ ਕੀਤਾ ਗਿਆ। ਡਾ. ਅਨੰਦ ਗੁਪਤਾ ਦੀ ਅਗਵਾਈ ਵਿਚ ਥੀਏਟਰ ਨੂੰ ਕਲਾਸ-ਰੂਮ ਟੂਲ ਦੇ ਰੂਪ ਵਿਚ ਵਰਤਣ ਦੇ ਏਜੰਡੇ ਦੇ ਤਹਿਤ ਇਸ ਨਾਟਕ ਦੀ ਪੇਸ਼ਕਾਰੀ ਕਰਵਾਈ ਗਈ। ਇਸ ਨਾਟਕ ਦਾ ਇਹ 1903ਵਾਂ ਸ਼ੋਅ ਸੀ। ਨਾਟਕ ਦੇ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਲੱਕੀ ਗੁਪਤਾ, ਜੋ ਜੰਮੂ-ਕਸ਼ਮੀਰ ਦੇ ਜੰਮਪਲ ਹਨ ਨੇ ਆਪਣੀ ਵਿਲੱਖਣ ਅਦਾਕਾਰੀ ਅਤੇ ਰੰਗਮੰਚੀ ਸ਼ੈਲੀ ਨਾਲ ਦਰਸ਼ਕਾਂ ਨੂੰ ਗਹਿਰਾਈ ਨਾਲ ਪ੍ਰਭਾਵਿਤ ਕੀਤਾ। ਨਾਟਕ ਪੰਜਾਬੀ ਕਹਾਣੀਕਾਰ ਮੋਹਨ ਭੰਡਾਰੀ ਦੀ ਕਹਾਣੀ ‘ ਮੈਨੂੰ ਟੈਗੋਰ ਬਣਾ ਦੇ ਮਾਂ’ ਉੱਤੇ ਆਧਾਰਿਤ ਹੈ। ਸਮਾਗਮ ਦੇ ਕਨਵੀਨਰ ਉੱਘੇ ਨਾਟਕਕਾਰ ਡਾ. ਕੁਲਦੀਪ ਸਿੰਘ ਦੀਪ ਨੇ ਦੱਸਿਆ ਕਿ ਨਾਟਕ ਇਕ ਅਜਿਹੇ ਬੱਚੇ ਦੀ ਦਰਦਨਾਕ ਕਹਾਣੀ ਪੇਸ਼ ਕਰਦਾ ਹੈ, ਜੋ ਘਰੇਲੂ ਥੁੜਾਂ, ਆਰਥਿਕ ਤੰਗੀਆਂ ਅਤੇ ਜੀਵਨ ਦੀਆਂ ਮੁਸ਼ਕਲਾਂ ਨਾਲ ਜੂਝ ਰਿਹਾ ਹੈ। ਪੜਾਈ ਜਾਰੀ ਰੱਖਣ ਤੋਂ ਅਸਮਰਥ ਇਹ ਬੱਚਾ ਬਚਪਨ ਵਿਚ ਅਧਿਆਪਕਾਂ ਦੀ ਪ੍ਰੇਰਨਾ ਸਦਕਾ ਕਵਿਤਾਵਾਂ ਲਿਖਣ ਲੱਗਦਾ ਹੈ ਅਤੇ ਰਬਿੰਦਰਨਾਥ ਟੈਗੋਰ ਵਰਗਾ ਕਵੀ ਬਣਨ ਦਾ ਸੁਪਨਾ ਦੇਖਦਾ ਹੈ। ਪਰ ਜ਼ਿੰਦਗੀ ਦਾ ਕਠੋਰ ਯਥਾਰਥ ਉਸ ਦੇ ਸੁਪਨਿਆਂ ਨੂੰ ਕੁਚਲ ਦਿੰਦਾ ਹੈ। ਬਾਲ ਮਜ਼ਦੂਰੀ ਕਰਦਿਆਂ ਉਸ ਨੂੰ ਧਨਾਢ ਵਰਗ ਦੇ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਕ ਦਿਨ ਉਹ ਆਪਣੀ ਡਾਇਰੀ ਮਾਂ ਨੂੰ ਚੁੱਲੇ੍ਹ ਵਿਚ ਸਾੜਨ ਲਈ ਦੇ ਦਿੰਦਾ ਹੈ। ਇਹ ਦਿ੍ਰਸ਼ ਬੱਚੇ ਦੇ ਸੁਪਨਿਆਂ, ਸੰਵੇਦਨਾਵਾਂ ਅਤੇ ਸਮਾਜਿਕ ਹਾਲਤਾਂ ਦੀ ਤ੍ਰਾਸਦੀ ਨੂੰ ਬੜੇ ਚੰਗੇ ਢੰਗ ਨਾਲ ਉਭਾਰਦਾ ਹੈ। ਰੰਗਮੰਚੀ ਸ਼ੈਲੀ ਪੱਖੋਂ ਇਹ ਨਾਟਕ ਇਕ ਵਿਲੱਖਣ ਪ੍ਰਯੋਗ ਸੀ। ਲੱਕੀ ਗੁਪਤਾ ਦੀ ਅਦਾਕਾਰੀ, ਨਿਰਦੇਸ਼ਨ ਅਤੇ ਦਰਸ਼ਕਾਂ ਨਾਲ ਸੰਵਾਦ ਸਥਾਪਤ ਕਰਨ ਦੀ ਵਿਧੀ ਇੰਨੀ ਪ੍ਰਭਾਵਸ਼ਾਲੀ ਅਤੇ ਸੁਚੱਜੀ ਸੀ ਕਿ ਇਕ-ਇਕ ਕਰਕੇ ਦਰਸ਼ਕ ਨਾਟਕ ਦੇ ਪਾਤਰਾਂ ਅਤੇ ਘਟਨਾਵਾਂ ਨਾਲ ਜੁੜਦੇ ਚਲੇ ਗਏ। ਇਸ ਮੌਕੇ ਡਾਇਟ ਅਧਿਆਪਕ ਨਰਿੰਦਰ ਕੌਰ ਅਤੇ ਹਰਪ੍ਰੀਤ ਕੌਰ ਨੇ ਵੀ ਭਾਵੁਕ ਰੂਪ ਵਿਚ ਇਸ ਨਾਟਕ ਦੇ ਪ੍ਰਭਾਵ ਬਾਰੇ ਆਪਣੇ ਵਿਚਾਰ ਵਿਅਕਤ ਕੀਤੇ ਅਤੇ ਇਸ ਨੂੰ ਜ਼ਿੰਦਗੀ ਦੀਆਂ ਕੌੜੀਆਂ ਸਚਾਈਆਂ ਦਾ ਭਾਵਪੂਰਨ ਚਿਤਰਨ ਕਿਹਾ।