ਡੇਰਾ ਬਾਬਾ ਨਾਨਕ, 25 ਜਨਵਰੀ (ਹੀਰਾ ਸਿੰਘ ਮਾਂਗਟ)-ਪ੍ਰਦੇਸ਼ ਸਰਕਾਰ ਦੀ ਮਾਲਕੀ ਜ਼ਮੀਨ ਉੱਪਰ ਕਾਸ਼ਤ ਕਰ ਰਹੇ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਣ ਨੂੰ ਲੈ ਕੇ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦਾ ਵਫ਼ਦ ਜੋਗਿੰਦਰ ਸਿੰਘ ਖੰਨਾ ਚਮਾਰਾ ਦੀ ਪ੍ਰਧਾਨਗੀ ਹੇਠ ਸਾਬਕਾ ਮੰਤਰੀ ਅੇ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੂੰ ਮਿਲਿਆ, ਜਿਨ੍ਹਾਂ ਵਲੋਂ ਸ: ਧਾਲੀਵਾਲ ਨੂੰ ਰਾਵੀ ਨੇੜਲੇ ਰਕਬੇ ਦਾ ਖਰਾਬਾ ਕਿਸਾਨਾਂ ਨੂੰ ਨਾ ਮਿਲਣ ਸਬੰਧੀ ਜਾਣੂ ਕਰਵਾਇਆ ਗਿਆ | ਉਨ੍ਹਾਂ ਆਪਣੀਆਂ ਮੰਗਾਂ ਸਬੰਧੀ ਦੱਸਿਆ ਕਿ ਪਿੰਡ ਪੁਰਾਣਾ ਵਾਲਾ, ਗੋਲਾ ਢੋਲਾ, ਲੱਲੂਵਾਲ ਰਸੂਲਪੁਰ, ਮਨਸੂਰ, ਗੁਰਚੱਕ, ਰੱਤੜ ਛੱਤੜ ਤੇ ਘਣੀਏ ਕੇ ਬੇਟ ਪਿੰਡਾਂ ਦੀ ਪ੍ਰਦੇਸ਼ ਸਰਕਾਰ ਦੀ ਮਾਲਕੀ ਵਾਲੀ ਜ਼ਮੀਨ ਉੱਪਰ ਕਾਸ਼ਤ ਕਰਦੇ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਣ ਸਬੰਧੀ ਜਾਣੂ ਕਰਵਾਇਆ ਗਿਆ, ਜਿਸ 'ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਤਹਿਸੀਲਦਾਰ ਡੇਰਾ ਬਾਬਾ ਨਾਨਕ ਤੇ ਡੀ.ਸੀ. ਗੁਰਦਾਸਪੁਰ ਨਾਲ ਫੋਨ 'ਤੇ ਗੱਲਬਾਤ ਕਰਨ ਤੋਂ ਬਾਅਦ ਕਿਸਾਨਾਂ ਨੂੰ ਮੁਆਵਜ਼ਾ ਮਿਲਣ ਦਾ ਭਰੋਸਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਡੀ.ਸੀ. ਗੁਰਦਾਸਪੁਰ ਨੇ ਭਰੋਸਾ ਦਿੱਤਾ ਹੈ ਕਿ ਚਾਰ-ਪੰਜ ਦਿਨਾਂ 'ਚ ਇਹ ਖਰਾਬੇ ਦੀ ਰਕਮ ਕਿਸਾਨਾਂ ਦੇ ਖਾਤੇ ਵਿਚ ਆਉਣੀ ਸ਼ੁਰੂ ਹੋ ਜਾਵੇਗੀ | ਇਸ ਮੌਕੇ ਮਾਸਟਰ ਸੁੱਚਾ ਸਿੰਘ ਰਾਮਦਿਵਾਲੀ, ਅਵਤਾਰ ਸਿੰਘ ਸਿੰਘਪੁਰਾ, ਹਰਪਾਲ ਸਿੰਘ ਕੋਟ ਮੌਲਵੀ, ਨਰਿੰਦਰ ਸਿੰਘ ਤਲਵੰਡੀ ਹਿੰਦੂਆਂ, ਮਾਸਟਰ ਤਰਸੇਮ ਸਿੰਘ ਧਰਮਕੋਟ ਪੱਤਣ, ਗੁਰਮੁਖ ਸਿੰਘ ਗੁਰਚੱਕ, ਮੋਹਨ ਸਿੰਘ ਧਰਮਕੋਟ ਰੰਧਾਵਾ, ਦਲੇਰ ਸਿੰਘ ਰੱਤੜ ਛੱਤੜ, ਬਿਕਰਮਜੀਤ ਸਿੰਘ ਘਣੀਆ, ਸਤਬੀਰ ਸਿੰਘ ਖੋਦੇਬੇਟ, ਸ਼ੇਰ ਅਮਰਜੀਤ ਸਿੰਘ ਡੇਰਾ ਬਾਬਾ ਨਾਨਕ ਆਦਿ ਸ਼ਾਮਲ ਸਨ |