ਨੌਸ਼ਹਿਰਾ ਮੱਝਾ ਸਿੰਘ, 25 ਜਨਵਰੀ (ਰਵੀ ਭਗਤ)-ਪਾਰਟੀ ਹਾਈਕਮਾਂਡ ਦੀ ਅਗਵਾਈ 'ਚ ਮਿਸ਼ਨ 2027 ਲਈ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ ਤੇ ਆਗਾਮੀ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਬਹੁਮਤੁ ਪ੍ਰਾਪਤ ਕਰਕੇ ਇਤਿਹਾਸ ਸਿਰਜੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾ. ਚੇਅਰਮੈਨ ਜਸਪਾਲ ਸਿੰਘ ਤੱਤਲਾ ਨੇ ਕੀਤਾ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਬਟਾਲਾ ਦੇ ਹਰਮਨ ਪਿਆਰੇ ਲੀਡਰ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਐਡਵਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ 'ਚ ਲੋਕ ਪਾਰਟੀ ਨਾਲ ਜੁੜ ਰਹੇ ਹਨ ਤੇ ਆਗਾਮੀ ਚੋਣਾਂ 'ਚ ਕਾਂਗਰਸ ਪਾਰਟੀ ਵੱਡੇ ਫਰਕ ਨਾਲ ਜਿੱਤ ਦਰਜ ਕਰੇਗੀ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੌਰਾਨ ਨਿੱਤ ਹੋ ਰਹੀ ਗੋਲੀਬਾਰੀ, ਬੇਲਗਾਮ ਗੈਂਗਵਾਰ ਤੇ ਫ਼ਿਰੌਤੀਆਂ ਮੰਗਣ ਵਾਲਿਆਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਹੈ, ਜਿਸ ਨਾਲ ਲਗਦਾ ਹੈ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਨਾਂਅ ਦੀ ਕੋਈ ਚੀਜ਼ ਨਹੀਂ ਹੈ ਤੇ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਰਜ਼ਾ ਚੁੱਕ ਕੇ ਸਰਕਾਰ ਕੰਮ ਚਲਾ ਰਹੀ ਹੈ, ਇਸ ਨਾਲ ਆਉਣ ਵਾਲੀਆਂ ਪੀੜੀਆਂ ਦਾ ਰੋਮ-ਰੋਮ ਕਰਜ਼ੇ ਹੇਠ ਡੁੱਬ ਜਾਵੇਗਾ | ਜਸਪਾਲ ਸਿੰਘ ਤੱਤਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਲੈ ਕੇ ਭਵਿੱਖ ਵਿਚ ਰਣਨੀਤੀ ਬਣਾਈ ਜਾਵੇਗੀ ਤਾਂ ਜੋ ਕਾਂਗਰਸ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ |