ਕੋਟਲੀ ਸੂਰਤ ਮੱਲ੍ਹੀ, 22 ਫਰਵਰੀ (ਕੁਲਦੀਪ ਸਿੰਘ ਨਾਗਰਾ)-ਪਾਕਿਸਤਾਨ ਸਥਿਤ ਮੁਕੱਦਸ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਨੈਸ਼ਨਲ ਹਾਈਵੇਅ ਨਾਲ ਜੋੜਨ ਲਈ ਬਣ ਰਹੇ ਬਿਆਸ-ਡੇਰਾ ਬਾਬਾ ਨਾਨਕ ਨੈਸ਼ਨਲ ਹਾਈਵੇਅ ਲਈ ਨੈਸ਼ਨਲ ਹਾਈਵੇਅ ਅਥਾਰਿਟੀ ਵਲੋਂ ਐਕਵਾਇਰ ਕੀਤੀ ਗਈ ਸਰਕਾਰੀ ਪ੍ਰਾਇਮਰੀ ਸਕੂਲ ਰਾਏਚੱਕ ਦੀ ਇਮਾਰਤ ਦੇ ਅਜੇ ਤੱਕ ਪੈਸੇ ਨਾ ਮਿਲਣ ਕਰ ਕੇ ਗ੍ਰਾਮ ਪੰਚਾਇਤ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਸਰਪੰਚ ਗਗਨਦੀਪ ਕੌਰ, ਸਰਪੰਚ ਅਮਨਦੀਪ ਕੌਰ, ਪੰਚ ਦੀਦਾਰ ਸਿੰਘ, ਪੰਚ ਕਰਸੈਦ ਮਸੀਹ, ਬਾਜ ਸਿੰਘ ਸਮੇਤ ਜਥੇਦਾਰ ਬਲਬੀਰ ਸਿੰਘ ਰਾਏਚੱਕ ਨੇ ਦੱਸਿਆ ਕਿ ਉਨ੍ਹਾਂ ਦੇ ਸਰਕਾਰੀ ਸਕੂਲ ਦੀ ਇਮਾਰਤ ਨੈਸ਼ਨਲ ਹਾਈਵੇਅ ਵਲੋਂ ਐਕਵਾਇਰ ਕੀਤੀ ਗਈ ਸੀ ਤੇ ਲਗਪਗ ਇਕ ਸਾਲ ਪਹਿਲਾਂ ਸਬੰਧਤ ਜ਼ਿਲ੍ਹਾ ਮਾਲ ਅਧਿਕਾਰੀ ਵਲੋਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਦੀ ਸਕੂਲ ਇਮਾਰਤ ਦੇ ਪੈਸੇ ਉਨ੍ਹਾਂ ਦੇ ਖਾਤੇ ਵਿਚ ਆ ਜਾਣਗੇ | ਗ੍ਰਾਮ ਪੰਚਾਇਤ ਸਕੂਲ ਕਮੇਟੀ ਨੂੰ ਨਾਲ ਲੈ ਕੇ ਸਕੂਲ ਦੀ ਇਮਾਰਤ ਬਣਾਉਣਾ ਸ਼ੁਰੂ ਕਰ ਦਿਓ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਤੇ ਗ੍ਰਾਮ ਪੰਚਾਇਤ ਨੇ ਆਪਣੇ ਤੌਰ 'ਤੇ ਉਧਾਰ ਸਾਮਾਨ ਲੈ ਕੇ 5 ਕਮਰਿਆਂ ਦੀਆਂ ਨੀਂਹਾਂ ਭਰ ਦਿੱਤੀਆਂ ਤੇ ਸਕੂਲ ਇਮਾਰਤ ਦੇ ਮੁਆਵਜ਼ੇ ਦੇ ਪੈਸੇ ਲੈਣ ਲਈ ਫਾਇਲਾਂ ਮੁਕੰਮਲ ਭਰ ਕੇ ਦਫ਼ਤਰ ਵਿਚ ਜਮ੍ਹਾ ਕਰਵਾ ਕੇ ਅਧਿਕਾਰੀਆਂ ਤੱਕ ਪਹੁੰਚ ਕੀਤੀ, ਪਰ ਇਕ ਸਾਲ ਬੀਤਣ 'ਤੇ ਵੀ ਅਜੇ ਤੱਕ ਮੁਆਵਜ਼ੇ ਦੇ ਪੈਸੇ ਖਾਤੇ ਵਿਚ ਨਹੀਂ ਆ ਰਹੇ ਤੇ ਉਹ ਸਬੰਧਤ ਦਫ਼ਤਰ ਦੇ ਚੱਕਰ ਲਗਾ ਕੇ ਅੱਕ ਥੱਕ ਗਏ ਹਨ | ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਵਲੋਂ ਆਪਣੇ ਤੌਰ 'ਤੇ 5 ਤੋਂ 6 ਲੱਖ ਰੁਪਏ ਦਾ ਉਧਾਰ ਸਾਮਾਨ ਲੈ ਕੇ ਨੀਹਾਂ ਭਰੀਆਂ ਹਨ ਤੇ ਹੁਣ ਦੁਕਾਨਦਾਰ ਉਨ੍ਹਾਂ ਕੋਲੋ ਪੈਸੇ ਮੰਗ ਰਹੇ ਹਨ, ਪਰ ਸਬੰਧਤ ਅਧਿਕਾਰੀਆ ਵਲੋਂ ਅਜੇ ਤੱਕ ਉਨ੍ਹਾਂ ਨੂੰ ਪੈਸੇ ਨਹੀਂ ਦਿੱਤੇ ਜਾ ਰਹੇ, ਜਿਸ ਕਰ ਕੇ ਸਕੂਲ ਇਮਾਰਤ ਤਿਆਰ ਨਹੀਂ ਹੋ ਰਹੀ ਤੇ ਬੱਚਿਆਂ ਨੂੰ ਖੁੱਲੇ ਅਸਮਾਨ ਹੇਠ ਬੈਠ ਕੇ ਪੜ੍ਹਾਈ ਕਰਨੀ ਪੈ ਰਹੀ ਹੈ, ਜਿਸ ਕਰ ਕੇ ਬੱਚਿਆਂ ਤੇ ਅਧਿਆਪਕਾਂ ਨੂੰ ਵੀ ਬਹੁਤ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਵੀ ਸੂਚਿਤ ਕੀਤਾ ਹੈ | ਉਨ੍ਹਾਂ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋਲੋਂ ਮੰਗ ਕੀਤੀ ਹੈ ਕਿ ਮੁਆਵਜੇ ਦੇ ਪੈਸੇ ਤੁਰੰਤ ਉਨ੍ਹਾਂ ਦੇ ਖਾਤੇ ਵਿਚ ਪਾਏ ਜਾਣ ਤਾਂ ਜੋ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਦੀ ਉਸਾਰੀ ਕਰਵਾਈ ਜਾ ਸਕੇ ਤੇ ਗ੍ਰਾਮ ਪੰਚਾਇਤ ਸਮੇਤ ਬੱਚਿਆਂ ਤੇ ਅਧਿਆਪਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ |