ਜੌੜਾ ਛੱਤਰਾਂ, 3 ਮਾਰਚ (ਪਰਮਜੀਤ ਸਿੰਘ ਘੁੰਮਣ)-ਪੰਜਾਬ ਸਰਕਾਰ ਦੇ ਵਿਭਾਗ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵਲੋਂ ਪਿੰਡਾਂ ਵਿਚ ਰਹਿੰਦੇ ਗ਼ਰੀਬ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੇ ਲੜਕੇ-ਲੜਕੀਆਂ ਲਈ ਨੌਕਰੀ ਯੋਗ ਮੁਫ਼ਤ ਟਰੇਨਿੰਗ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਇਹ ਟਰੇਨਿੰਗ ਉਨ੍ਹਾਂ ਵਿਦਿਆਰਥੀਆਂ ਲਈ ਹੈ ਜੋ 12ਵੀਂ ਜਮਾਤ ਪਾਸ ਕਰ ਚੁੱਕੇ ਹਨ ਤੇ ਰੁਜ਼ਗਾਰ ਦੀ ਭਾਲ ਵਿਚ ਹਨ | ਸਟੇਟ ਕੋਆਰਡੀਨੇਟਰ ਅਦਰੀਸ ਬਸ਼ੀਰ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਅਧੀਨ ਦੀਨ ਦਿਆਲ ਉਪਾਧਿਆ ਗ੍ਰਾਮੀਣ ਕੌਸ਼ਲ ਯੋਜਨਾ ਤਹਿਤ ਸਕਿੱਲ ਡਿਵੈਲਪਮੈਂਟ ਸੈਂਟਰ ਜੌੜਾ ਛੱਤਰਾਂ ਤੇ ਜੇਲ੍ਹ ਰੋਡ ਗੁਰਦਾਸਪੁਰ ਵਿਖੇ ਦੋ ਵੱਖ-ਵੱਖ ਸੈਂਟਰ ਚਲਾਏ ਜਾ ਰਹੇ ਹਨ | ਇਨ੍ਹਾਂ ਸੈਂਟਰਾਂ ਵਿਚ ਲਾਜਿਸਟਿਕ ਸੈਕਟਰ ਨਾਲ ਸਬੰਧਿਤ ਸਕਿੱਲ ਡਿਵੈਲਪਮੈਂਟ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗ 90 ਦਿਨਾਂ ਦੀ ਹੈ | ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਸਫਲ ਸਿੱਖਿਆਰਥੀਆਂ ਨੂੰ ਘੱਟੋ-ਘੱਟ 15 ਹਜ਼ਾਰ ਤੋਂ ਲੈ ਕੇ ਵੱਧ ਤੋਂ ਵੱਧ 25 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਵਾਲੀਆਂ ਨੌਕਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ | ਇਹ ਨੌਕਰੀਆਂ ਪੀ.ਐਸ.ਐਮ. ਸਪਲਾਈ ਚੇਨ ਮੈਨੇਜਮੈਂਟ, ਐਮਾਜ਼ੋਨ, ਮਯੰਤਰਾ ਅਤੇ ਹੋਰ ਨਾਮੀ ਕੰਪਨੀਆਂ 'ਚ ਦਿੱਤੀਆਂ ਜਾਣਗੀਆਂ | ਇਸ ਤੋਂ ਇਲਾਵਾ ਜਿਹੜੇ ਸਿੱਖਿਆਰਥੀ 6 ਤੋਂ 12 ਮਹੀਨੇ ਤੱਕ ਨੌਕਰੀ ਲਗਾਤਾਰ ਜਾਰੀ ਰੱਖਦੇ ਹਨ, ਉਨ੍ਹਾਂ ਨੂੰ ਸਰਕਾਰ ਵਲੋਂ ਹਰ ਮਹੀਨੇ 1250 ਰੁਪਏ ਦੀ ਦਰ ਨਾਲ ਪੋਸਟ-ਪਲੇਸਮੈਂਟ ਸਹਾਇਤਾ ਰਕਮ ਸਿੱਧੀ ਬੈਂਕ ਖਾਤੇ ਵਿਚ ਦਿੱਤੀ ਜਾਂਦੀ ਹੈ | ਅੱਗੇ ਚੱਲ ਕੇ ਰਜਿਸਟਰਡ ਸਕਿੱਲ ਕੌਂਸਲ ਵਲੋਂ ਉਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ , ਜੋ ਕੰਪਨੀਆਂ ਵਿਚ ਸੁਚੱਜੇ ਤੇ ਇਮਾਨਦਾਰ ਢੰਗ ਨਾਲ ਕੰਮ ਕਰਦੇ ਹਨ, ਵਿਦੇਸ਼ਾਂ ਵਿਚ ਵੀ ਮੁਫ਼ਤ ਪਲੇਸਮੈਂਟ ਦਾ ਮੌਕਾ ਦਿੱਤਾ ਜਾਂਦਾ ਹੈ | ਸੰਸਥਾ ਵਲੋਂ ਪਹਿਲਾਂ ਵੀ ਦੁਬਈ ਸਮੇਤ ਕਈ ਹੋਰ ਦੇਸ਼ਾਂ ਵਿਚ ਬੱਚਿਆਂ ਨੂੰ ਬਿਲਕੁਲ ਮੁਫ਼ਤ ਨੌਕਰੀਆਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ |