ਬਟਾਲਾ, 5 ਮਾਰਚ (ਸਤਿੰਦਰ ਸਿੰਘ)- ਬੀਤੇ ਦਿਨ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਆਮ ਆਦਮੀ ਪਾਰਟੀ ਵਲੋਂ ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਦੀ ਅਗਵਾਈ ਹੇਠ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਕਿਸ ਮੂੰਹ ਨਾਲ ਪੰਜਾਬ ਦੀਆਂ ਗੇੜੀਆਂ ਲਗਾ ਰਹੇ ਹਨ ਕਿਉਂਕਿ ਭਾਜਪਾ ਦੀ ਸਰਕਾਰ ਹਮੇਸ਼ਾ ਹੀ ਪੰਜਾਬ ਵਿਰੋਧੀ ਰਹੀ ਹੈ | ਪੰਜਾਬ ਅੰਦਰ ਆਪਣੀ ਰਾਜਨੀਤਕ ਜ਼ਮੀਨ ਤਲਾਸ਼ ਰਹੀ ਭਾਜਪਾ ਨੂੰ ਪੰਜਾਬੀ ਕਦੇ ਮੂੰਹ ਨਹੀਂ ਲਗਾਉਣਗੇ | ਜੋਬਨ ਰੰਧਾਵਾ ਨੇ ਕਿਹਾ ਕਿ ਇਹ ਉਹੀ ਭਾਜਪਾ ਹੈ, ਜਿਸ ਨੇ ਕਿਸਾਨਾਂ ਖਿਲਾਫ਼ ਕਾਲੇ ਕਾਨੂੰਨ ਬਣਾਏ, ਜਿਨ੍ਹਾਂ ਨੂੰ ਰੱਦ ਕਰਵਾਉਣ ਲਈ 700 ਤੋਂ ਵੱਧ ਕਿਸਾਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ, ਉਸ ਨੂੰ ਪੰਜਾਬ ਕਦੇ ਭੁੱਲ ਨਹੀਂ ਸਕਦਾ | ਨਗਰ ਸੁਧਾਰ ਟਰਸੱਟ ਗੁਰਦਾਸਪੁਰ ਦੇ ਚੇਅਰਮੈਨ ਰਾਜੀਵ ਸ਼ਰਮਾ ਨੇ ਕਿਹਾ ਕਿ ਪੰਜਾਬ, ਭਾਜਪਾ ਸਰਕਾਰ ਦੇ ਦਿੱਤੇ ਗਏ ਜ਼ਖਮਾਂ ਨੂੰ ਕਦੇ ਵੀ ਭੁੱਲੇਗਾ ਨਹੀਂ ਤੇ ਆਮ ਆਦਮੀ ਪਾਰਟੀ ਮੋਦੀ ਸਰਕਾਰ ਖਿਲਾਫ਼ ਇਸੇ ਤਰ੍ਹਾਂ ਡਟੀ ਰਹੇਗੀ | ਇਸ ਮੌਕੇ ਹਲਕਾ ਦੀਨਾਨਗਰ ਦੇ ਇੰਚਾਰਜ ਸਮਸ਼ੇਰ ਸਿੰਘ ਨੇ ਵੀ ਮੋਦੀ ਸਰਕਾਰ ਨੂੰ ਆੜੇ ਹੱਥੀਂ ਲਿਆ |