ਕੋਟਲੀ ਸੂਰਤ ਮੱਲ੍ਹੀ, 5 ਮਾਰਚ (ਕੁਲਦੀਪ ਸਿੰਘ ਨਾਗਰਾ)- ਬੱਚਿਆਂ ਨੂੰ ਸ਼ਾਨਾਮੱਤੇ ਸਿੱਖ ਇਤਿਹਾਸ ਨਾਲ ਜੋੜਨ ਤੇ ਸਿੱਖੀ ਸਰੂਪ 'ਚ ਪ੍ਰਪੱਕ ਕਰਨ ਦੇ ਮਨੋਰਥ ਨਾਲ ਸਰਕਾਰੀ ਮਿਡਲ ਸਕੂਲ ਭਗਵਾਨਪੁਰ 'ਚ ਪ੍ਰਬੰਧਕਾਂ ਵਲੋਂ ਬੱਚਿਆਂ ਦੇ ਗੁਰਬਾਣੀ ਕੰਠ ਤੇ ਧਾਰਮਿਕ ਮੁਕਾਬਲੇ ਕਰਵਾਏ ਗਏ ਜਿਸ ਵਿਚ ਜੀ.ਐੱਸ. ਇੰਟਰਨੈਸ਼ਨਲ ਸੀ.ਸੈਕੰ. ਪਬਲਿਕ ਸਕੂਲ ਭਗਵਾਨਪੁਰ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਪਹਿਲਾ, ਦੂਸਰਾ ਸਥਾਨ ਪ੍ਰਾਪਤ ਕਰ ਕੇ ਨਕਦ ਇਨਾਮ ਤੇ ਤਗਮੇ ਪ੍ਰਾਪਤ ਕੀਤੇ | ਪਿ੍ੰਸੀਪਲ ਸੋਨੀਆ ਮਹਾਜਨ ਨੇ ਦੱਸਿਆ ਕਿ ਇਸ ਧਾਰਮਿਕ ਮੁਕਾਬਲੇ ਵਿਚ ਜੀ.ਐੱਸ. ਇੰਟਰਨੈਸ਼ਨਲ ਸੀ.ਸੈਕੰ. ਪਬਲਿਕ ਸਕੂਲ ਭਗਵਾਨਪੁਰ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸੰਗਤਾਂ ਤੋਂ ਸਾਬਾਸ਼ ਤੇ ਅਸੀਸਾਂ ਪ੍ਰਾਪਤ ਕੀਤੀਆਂ | ਉਨ੍ਹਾਂ ਦੱਸਿਆ ਕਿ ਇਸ ਪਵਿੱਤਰ ਸਮਾਗਮ ਵਿਚ ਵੱਖ-ਵੱਖ ਸਕੂਲਾਂ ਤੇ ਪਿੰਡਾਂ ਦੇ ਲਗਪਗ 50 ਭਾਗੀਦਾਰਾਂ ਨੇ ਹਿੱਸਾ ਲਿਆ ਤੇ ਬੜੀ ਭਾਵਨਾ ਨਾਲ ਗੁਰਬਾਣੀ ਦਾ ਪਾਠ ਕੀਤਾ ਜਦੋਂ ਕਿ ਉਨ੍ਹਾਂ ਦੀ ਸੰਸਥਾ ਦੀ 8ਵੀਂ ਜਮਾਤ ਦੀ ਵਿਦਿਆਰਥਣ ਜਸਮੀਤ ਕੌਰ ਨੇ ਇਸ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ 10 ਹਜ਼ਾਰ ਰੁਪਏ ਨਕਦ ਇਨਾਮ ਤੇ ਸੋਨੇ ਤਾ ਤਗਮਾ ਤੇ 5ਵੀਂ ਕਲਾਸ ਦੀ ਵਿਦਿਆਰਥਣ ਗੁਰਸਿਮਰਨ ਕੌਰ ਨੇ ਦੂਜਾ ਸਥਾਨ ਪ੍ਰਾਪਤ ਕਰ ਕੇ 7 ਹਜ਼ਾਰ ਰੁਪਏ ਨਕਦ ਇਨਾਮ ਤੇ ਸੋਨੇ ਦਾ ਤਗਮਾ ਹਾਸਲ ਕੀਤਾ | ਸਕੂਲ ਪਹੁੰਚਣ 'ਤੇ ਜੇਤੂ ਵਿਦਿਆਰਥਣਾਂ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਡਾਇਰੈਕਟਰ ਅਯੋਧ ਸਿੰਘ, ਸੰਸਥਾ ਦੇ ਐੱਮ.ਡੀ. ਹਰਦਿਆਲ ਸਿੰਘ ਤੇ ਚੇਅਰਪਰਸਨ ਬਲਜਿੰਦਰ ਕੌਰ ਵਲੋਂ ਬੱਚਿਆਂ ਨੂੰ ਵਧਾਈ ਦਿੱਤੀ ਗਈ |