ਸ਼ਾਹਪੁਰ ਕੰਢੀ, 5 ਮਾਰਚ (ਰਣਜੀਤ ਸਿੰਘ)- ਪੰਜਾਬ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਸ਼ਾਹਪੁਰ ਕੰਢੀ ਟਾਊਨਸ਼ਿਪ ਦੇ ਖੰਡਰ ਬਣੇ ਕਵਾਟਰਾਂ 'ਚ ਇਕ ਨੌਜਵਾਨ ਨੰੂ 7.62 ਗ੍ਰਾਮ ਚਿੱਟੇ ਤੇ ਇਲੈਕਟ੍ਰੋਨਿਕ ਕੰਡੇ ਸਮੇਤ ਕਾਬੂ ਕੀਤਾ ਹੈ | ਬੀਤੀ ਸ਼ਾਮ ਸੂਚਨਾ ਮਿਲੀ ਕਿ ਇਕ ਵਿਅਕਤੀ ਟੀ-4 ਦੇ ਖੰਡਰ ਬਣੇ ਕਵਾਟਰਾਂ ਵਿਚ ਜੋ ਚਿੱਟਾ ਵੇਚਣ ਦਾ ਧੰਦਾ ਕਰਦਾ ਹੈ, ਉਹ ਆਪਣੇ ਗ੍ਰਾਹਕਾਂ ਦੀ ਉਡੀਕ ਕਰ ਰਿਹਾ ਹੈ ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਏ.ਐਸ.ਆਈ. ਧਰਮ ਪਾਲ ਤੇ ਏ.ਐਸ.ਆਈ. ਸੁਨੀਲ ਕੁਮਾਰ ਨੇ ਪੁਲਿਸ ਪਾਰਟੀ ਨਾਲ ਛਾਪਾ ਮਾਰਿਆ ਤਾਂ ਇਕ ਵਿਅਕਤੀ ਝਾੜੀਆਂ ਨਜ਼ਦੀਕ ਖੜਾ ਸੀ, ਜੋ ਪੁਲਿਸ ਨੰੂ ਦੇਖ ਕੇ ਸਾਮਾਨ ਝਾੜੀਆਂ ਵਿਚ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ, ਪੁਲਿਸ ਨੇ ਉਸ ਨੰੂ ਕਾਬੂ ਕਰਕੇ ਉਸ ਦੀ ਤਲਾਸ਼ੀ ਕੀਤੀ ਤਾਂ ਤਲਾਸ਼ੀ ਦੌਰਾਨ ਉਸ ਦੀ ਜੇਬ 'ਚ 7.62 ਗ੍ਰਾਮ ਚਿੱਟਾ ਬਰਾਮਦ ਕੀਤਾ ਤੇ ਝਾੜੀਆਂ 'ਚੋਂ ਕੰਡਾ ਕਾਬੂ ਕੀਤਾ | ਇਸ ਵਿਅਕਤੀ ਦੀ ਪਹਿਚਾਣ ਨਿਤਿਸ਼ ਉਰਫ਼ ਰਿੰਕੂ ਨਿਵਾਸੀ ਸ਼ਾਹਪੁਰ ਕੰਢੀ ਵਜੋਂ ਹੋਈ | ਪੁਲਿਸ ਐਨ.ਡੀ.ਪੀ.ਐਸ. ਤਹਿਤ ਗਿ੍ਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |