ਬਟਾਲਾ, 2 ਅਪ੍ਰੈਲ (ਸਤਿੰਦਰ ਸਿੰਘ)- ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਕਾਂਗਰਸ ਪਾਰਟੀ ਕਿਸਾਨ ਵਿੰਗ ਦੇ ਜਨਰਲ ਸਕੱਤਰ ਹਰਵਿੰਦਰਪਾਲ ਸਿੰਘ ਸ਼ਾਹਬਾਦ ਨੇ ਹਾਕੀ ਦੇ ਧਨੰਤਰ ਖਿਡਾਰੀ ਤੇ ਲੰਮਾ ਸਮਾਂ ਹਾਕੀ ਟੀਮ ਦੀ ਕਪਤਾਨੀ ਕਰਨ ਵਾਲੇ ਪ੍ਰਗਟ ਸਿੰਘ ਨੂੰ ਉਨ੍ਹਾਂ ਦੇ ਨਾਂਅ 'ਤੇ ਐਵਾਰਡ ਸ਼ੁਰੂ ਕਰਨ 'ਤੇ ਵਧਾਈ ਦਿੱਤੀ | ਇਸ ਮੌਕੇ ਸ਼ਾਹਬਾਦ ਨੇ ਕਿਹਾ ਕਿ ਪ੍ਰਗਟ ਸਿੰਘ ਨੇ ਹਾਕੀ ਦੇ ਖੇਤਰ 'ਚ ਲੰਮਾ ਸਮਾਂ ਦੇਸ਼ ਲਈ ਖੇਡ ਕੇ ਨਾਂਅ ਰੌਸ਼ਨ ਕੀਤਾ ਉੱਥੇ ਹਾਕੀ ਦੇ ਕਪਤਾਨ ਰਹਿਣ ਤੋਂ ਬਾਅਦ ਲੰਮਾ ਸਮਾਂ ਕੋਚ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ | ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਨੂੰ ਦੇਖਦਿਆਂ ਹਾਕੀ ਇੰਡੀਆ ਵਲੋਂ ਡਿਫੈਂਡਰ ਆਫ਼ ਦੀ ਯੀਅਰ ਲਈ ਪ੍ਰਗਟ ਸਿੰਘ ਐਵਾਰਡ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ ਪੰਜਾਬੀਆਂ ਤੇ ਸਿੱਖ ਕੌਮ ਲਈ ਵੱਡੀ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਦੇਸ਼ ਲਈ ਹਾਕੀ ਖੇਡਣ ਵਾਲੇ ਸਭ ਤੋਂ ਵੱਧ ਪੰਜਾਬੀ ਰਹੇ ਤੇ ਹੁਣ ਵੀ ਹਾਕੀ ਵਿਚ ਸਭ ਤੋਂ ਵੱਧ ਦਬਦਬਾ ਪੰਜਾਬੀਆਂ ਦਾ ਹੈ | ਉਨ੍ਹਾਂ ਕਿਹਾ ਕਿ ਪ੍ਰਗਟ ਸਿੰਘ ਦੀ ਹਾਕੀ ਨੂੰ ਵੱਡੀ ਦੇਣ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਤੇ ਕਾਂਗਰਸ ਪਾਰਟੀ ਨਾਲ ਹੁਣ ਤੱਕ ਜੁੜੇ ਹਨ | ਉਨ੍ਹਾਂ ਕਿਹਾ ਕਿ ਜਲੰਧਰ ਕੈਂਟ ਤੋਂ ਵਿਧਾਇਕ ਵਜੋਂ ਸੇਵਾਵਾਂ ਨਿਭਾ ਰਹੇ ਹਨ | ਉਨ੍ਹਾਂ ਨੇ ਕਾਂਗਰਸ ਸਰਕਾਰ ਵੇਲੇ ਸਿੱਖਿਆ ਮੰਤਰੀ ਦੇ ਤੌਰ 'ਤੇ ਪੰਜਾਬ ਦੀ ਸਿੱਖਿਆ ਕ੍ਰਾਂਤੀ ਨੂੰ ਉੱਚਾ ਚੁੱਕਣ ਲਈ ਆਪਣਾ ਵੱਡਾ ਯੋਗਦਾਨ ਪਾਇਆ | ਉਨ੍ਹਾਂ ਕਿਹਾ ਕਿ ਬਹੁਤ ਹੀ ਦੂਰ ਅੰਦੇਸ਼ੀ ਨਾਲ ਸੋਚਣ ਵਾਲੇ ਆਗੂ ਦੇ ਨਾਂਅ 'ਤੇ ਐਵਾਰਡ ਸ਼ੁਰੂ ਕਰਨਾ ਹਾਕੀ ਇੰਡੀਆ ਦਾ ਸ਼ਲਾਘਾਯੋਗ ਫ਼ੈਸਲਾ ਹੈ | ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਜਿੱਥੇ ਹਾਕੀ ਦੇ ਖੇਤਰ 'ਚ ਖੁਸ਼ੀ ਦੀ ਲਹਿਰ ਹੈ ਉੱਥੇ ਪੰਜਾਬ, ਪੰਜਾਬੀਅਤ ਤੇ ਸਿੱਖ ਕਮਿਓਨਿਟੀ ਲਈ ਫਖ਼ਰ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਸ: ਪ੍ਰਗਟ ਸਿੰਘ ਨੂੰ ਮਿਲ ਕੇ ਜਿੱਥੇ ਉਨ੍ਹਾਂ ਨੇ ਵਧਾਈ ਦਿੱਤੀ ਉੱਥੇ ਨਾਲ ਹੀ ਉਨ੍ਹਾਂ ਨੇ ਸਿਆਸੀ ਤਜਰਬਿਆਂ ਦੀ ਸਾਂਝ ਪਾਈ | ਉਨ੍ਹਾਂ ਕਿਹਾ ਕਿ ਹਲਕਾ ਸ਼੍ਰੀ ਹਰਿਗੋਬਿੰਦਪੁਰ ਵਿਚ ਪਹੁੰਚਣ 'ਤੇ ਉਨ੍ਹਾਂ ਦਾ ਮਾਣ-ਸਨਮਾਨ ਕੀਤਾ ਜਾਵੇਗਾ |