ਪਠਾਨਕੋਟ, 7 ਅਪ੍ਰੈਲ (ਸੁਮਿਤ)-ਵਣਜ ਵਿਭਾਗ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਵਿਖੇ ਉਦਮਤਾ ਵਿਕਾਸ ਪ੍ਰੋਗਰਾਮ (ਈ. ਡੀ. ਪੀ.) ਦਾ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ | ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਪਿ੍ੰਸੀਪਲ ਡਾ: ਕੁਲਵੰਤ ਸਿੰਘ ਰੰਧਾਵਾ ਨੇ ਕੀਤੀ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਉਦਮਤਾ ਦੀ ਭਾਵਨਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਸਵੈ-ਰੁਜ਼ਗਾਰ ਅਤੇ ਆਤਮ ਨਿਰਭਰਤਾ ਵੱਲ ਪ੍ਰੇਰਿਤ ਕਰਨਾ ਸੀ | ਇਸ ਮੌਕੇ ਬੀ. ਕਾਮ ਅਤੇ ਐੱਮ. ਕਾਮ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਅਤੇ ਰਚਨਾਤਮਿਕਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਵਿਦਿਆਰਥੀਆਂ ਵਲੋਂ ਵੱਖ-ਵੱਖ ਤਰ੍ਹਾਂ ਦੇ ਖਾਣ-ਪੀਣ ਦੇ ਸਟਾਲ, ਹੱਥ ਨਾਲ ਬਣੇ ਉਤਪਾਦ, ਕਰਾਫ਼ਟ ਆਈਟਮਾਂ ਅਤੇ ਮਜ਼ੇਦਾਰ ਗੇਮਜ਼ ਕਾਊਾਟਰ ਸਥਾਪਿਤ ਕੀਤੇ ਗਏ | ਇਸ ਪ੍ਰੋਗਰਾਮ ਵਿਚ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ | ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਪਕਵਾਨਾਂ ਅਤੇ ਉਤਪਾਦਾਂ ਨੇ ਸਾਰਿਆਂ ਦਾ ਧਿਆਨ ਖਿੱਚਿਆ ਤੇ ਪ੍ਰੋਗਰਾਮ ਨੂੰ ਜੀਵੰਤ ਬਣਾਇਆ | ਮੁੱਖ ਮਹਿਮਾਨ ਡਾ: ਕੇ. ਡੀ. ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਉਦਮਤਾ ਨੌਜਵਾਨਾਂ ਲਈ ਆਤਮ ਨਿਰਭਰ ਬਣਨ ਦਾ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪ੍ਰਤਿਭਾ ਨੂੰ ਪਹਿਚਾਣ ਕੇ ਛੋਟੇ ਕਾਰੋਬਾਰੀ ਵਿਚਾਰਾਂ ਨੂੰ ਅੱਗੇ ਵਧਾਉਣ ਅਤੇ ਸਮਾਜ ਵਿਚ ਸਕਾਰਾਤਮਿਕ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਪਿ੍ੰਸੀਪਲ ਡਾ: ਕੁਲਵੰਤ ਸਿੰਘ ਰੰਧਾਵਾ ਨੇ ਕਿਹਾ ਕਿ ਉਦਮਤਾ ਵਿਕਾਸ ਪ੍ਰੋਗਰਾਮ ਵਿਦਿਆਰਥੀਆਂ ਨੂੰ ਨਵੀਂ ਸੋਚ, ਨਵੀਂ ਤਕਨਾਲੋਜੀ ਅਤੇ ਨਵੇਂ ਮੌਕਿਆਂ ਨਾਲ ਜੋੜਨ ਦਾ ਇਕ ਸ਼ਕਤੀਸ਼ਾਲੀ ਮਾਧਿਅਮ ਹੈ | ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਵਿਵਹਾਰਿਕ ਗਿਆਨ, ਲੀਡਰਸ਼ਿਪ ਹੁਨਰ ਤੇ ਵਿਸ਼ਵਾਸ ਪ੍ਰਦਾਨ ਕਰਦੇ ਹਨ, ਜਿਸ ਨਾਲ ਉਹ ਭਵਿੱਖ ਵਿਚ ਸਫਲ ਉੱਦਮੀ ਬਣ ਸਕਦੇ ਹਨ | ਡਾ: ਰੰਧਾਵਾ ਨੇ ਵਣਜ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਇਸ ਸਫਲ ਸਮਾਗਮ ਲਈ ਵਿਭਾਗ ਨੂੰ ਵਧਾਈ ਦਿੱਤੀ | ਪ੍ਰੋਗਰਾਮ ਵਿਚ ਵਣਜ ਵਿਭਾਗ ਦੀ ਸਹਾਇਕ ਪ੍ਰੋ: ਨੇਹਾ ਦੱਤ, ਵਿੰਤਾ, ਰੂਪਜੋਤ, ਵੰਦਨਾ, ਅੰਸ਼ੁਲ ਮਹਾਜਨ ਤੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਹਿੱਸਾ ਲਿਆ |