ਗੁਰਦਾਸਪੁਰ, 11 ਅਪ੍ਰੈਲ (ਅਸ਼ੋਕ ਸ਼ਰਮਾ)-ਗੁਰਦਾਸਪੁਰ ਨਜ਼ਦੀਕ ਪੈਂਦੀ ਤਿੱਬੜੀ ਛਾਉਣੀ ਵਿਖੇ 4 ਸਿੱਖ ਰੈਜ਼ੀਮੈਂਟ ਵਲੋਂ ਕਰਵਾਏ ਗਏ ਵਿਸਾਖੀ ਮੇਲੇ ਵਿਚ ਆਨਰੇਰੀ ਕੈਪਟਨ ਦੇ ਗੁੰਮ ਹੋਣ ਕਾਰਨ ਪਰਿਵਾਰਕ ਮੈਂਬਰਾਂ ਤੇ ਉਨ੍ਹਾਂ ਦੇ ਸਾਥੀਆਂ ਦਾ ਬੁਰਾ ਹਾਲ ਹੈ | ਉਨ੍ਹਾਂ ਨਾਲ ਆਏ ਸੇਵਾ-ਮੁਕਤ ਸੂਬੇਦਾਰ ਜਰਨੈਲ ਸਿੰਘ ਵਾਸੀ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਨੇ ਦੱਸਿਆ ਕਿ ਤਿੱਬੜੀ ਛਾਉਣੀ ਵਿਖੇ 4 ਸਿੱਖ ਯੂਨਿਟ ਵਲੋਂ ਵਿਸਾਖੀ ਮੇਲਾ ਕਰਵਾਇਆ ਗਿਆ ਸੀ ਜਿਸ ਵਿੱਚ ਸੇਵਾ ਮੁਕਤ ਜਵਾਨ ਤੇ ਅਫ਼ਸਰ ਪੁੱਜੇ ਹੋਏ ਸਨ | ਉਨ੍ਹਾਂ ਕਿਹਾ ਕਿ ਦੁਪਹਿਰ ਵੇਲੇ ਫ਼ੌਜ ਦੀ ਯੂਨਿਟ ਵਲੋਂ ਸਾਰੇ ਆਏ ਫ਼ੌਜੀਆਂ ਵਾਸਤੇ ਖਾਣੇ ਦਾ ਖ਼ਾਸ ਪ੍ਰਬੰਧ ਕੀਤਾ ਸੀ | ਉਨ੍ਹਾਂ ਕਿਹਾ ਕਿ ਮੇਲਾ ਖਤਮ ਹੋਣ ਤੋਂ ਬਾਅਦ ਆਨਰੇਰੀ ਕੈਪਟਨ ਸੇਵਾ ਮੁਕਤ ਨਿਸ਼ਾਨ ਸਿੰਘ ਪੁੱਤਰ ਰਾਮ ਸਿੰਘ ਵਾਸੀ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਅਚਾਨਕ ਲਾਪਤਾ ਹੋ ਗਏ ਤੇ ਉਨ੍ਹਾਂ ਨਾਲ ਆਏ ਸਾਥੀਆਂ ਨੂੰ ਦੌੜ ਭੱਜ ਪੈ ਗਈ ਅਤੇ ਮਾਮਲਾ ਉਨ੍ਹਾਂ ਦੇ ਘਰ ਤੱਕ ਪੁੱਜਦਾ ਕੀਤਾ | ਇਸ ਦੌਰਾਨ ਉਸ ਦੀ ਪਤਨੀ ਤੇ ਹੋਰ ਪਿੰਡ ਵਾਸੀ ਮੌਕੇ 'ਤੇ ਪਹੁੰਚ ਗਏ | ਸੇਵਾ ਮੁਕਤ ਕੈਪਟਨ ਨਿਸ਼ਾਨ ਸਿੰਘ ਦਾ ਦੇਰ ਸ਼ਾਮ ਤੱਕ ਕੋਈ ਥਹੁ ਪਤਾ ਨਹੀਂ ਲੱਗ ਸਕਿਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਉਨ੍ਹਾਂ ਣੀ ਭਾਲ ਵਾਸਤੇ ਰਿਸ਼ਤੇਦਾਰਾਂ ਤੇ ਉਨ੍ਹਾਂ ਦੇ ਸਾਥੀਆਂ ਨਾਲ ਸੰਪਰਕ ਕਰ ਰਹੇ ਹਨ | ਪਰ ਨਿਸ਼ਾਨ ਸਿੰਘ ਦਾ ਕੋਈ ਵੀ ਪਤਾ ਨਹੀਂ ਚੱਲ ਰਿਹਾ |