ਕਿਲ੍ਹਾ ਲਾਲ ਸਿੰਘ, 15 ਅਪ੍ਰੈਲ (ਬਲਬੀਰ ਸਿੰਘ)- ਐਕਸੈਲਸੀਅਰ ਸੀਨੀਅਰ ਸੈਕੰਡਰੀ ਸਕੂਲ ਬਿਜਲੀਵਾਲ ਵਿਚ ਵਿਸਾਖੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਖ਼ਾਲਸਾ ਪੰਥ ਸਾਜਨਾ ਦਿਵਸ ਦੇ ਪਵਿੱਤਰ ਦਿਹਾੜੇ 'ਤੇ ਸਭ ਤੋਂ ਪਹਿਲਾਂ ਵਿਦਿਆਰਥੀਆਂ ਵਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕਰ ਕੇ ਖਾਲਸਾ ਪੰਥ ਦੀ ਸਾਜਨਾ 'ਤੇ ਚਾਨਣਾ ਪਾਇਆ ਗਿਆ ਜਿਸ ਵਿਚ ਧਾਰਮਿਕ ਸ਼ਬਦ, ਕਵੀਸ਼ਰੀ ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਵਿਦਿਆਰਥੀਆਂ ਵਲੋਂ ਗਿੱਧਾ, ਭੰਗੜਾ ਤੇ ਲੋਕ ਗੀਤ ਪੇਸ਼ ਕੀਤਾ ਗਿਆ | ਉਨ੍ਹਾਂ ਵਲੋਂ ਕੋਰੀਓਗ੍ਰਾਫ਼ੀ ਰਾਹੀਂ ਕਿਰਸਾਨੀ ਜੀਵਨ ਦੀ ਝਲਕ ਪੇਸ਼ ਕਰਦੇ ਹੋਏ ਹਾੜੀ ਦੀ ਫ਼ਸਲ ਪੱਕਣ 'ਤੇ ਕਿਸਾਨਾਂ ਦੀ ਖੁਸ਼ੀ ਦਾ ਜ਼ਿਕਰ ਕੀਤਾ ਗਿਆ | ਪਿ੍ੰਸੀਪਲ ਤੇਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਵਿਸਾਖੀ ਦੇ ਤਿਉਹਾਰ ਦੀ ਇਤਿਹਾਸਕ, ਧਾਰਮਿਕ ਤੇ ਸੱਭਿਆਚਾਰਕ ਮਹੱਤਤਾ ਤੋਂ ਜਾਣੂ ਕਰਵਾਇਆ | ਉਪ ਚੇਅਰਮੈਨ ਐਡਵੋਕੇਟ ਨਵਤੇਜ ਸਿੰਘ ਨੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਪ੍ਰੋਗਰਾਮ ਦੀ ਸ਼ਲਾਘਾ ਕੀਤੀ | ਇਸ ਮੌਕੇ ਜਸਬੀਰ ਕੌਰ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਅਮਨਪ੍ਰੀਤ ਕੌਰ ਅਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸਨ |