ਕਾਹਨੂੰਵਾਨ, 17 ਅਪ੍ਰੈਲ (ਜਸਪਾਲ ਸਿੰਘ ਸੰਧੂ)- 1978 ਦੇ ਨਿਰੰਕਾਰੀ ਕਾਂਡ ਦੇ ਸ਼ਹੀਦ ਭਾਈ ਹਰਭਜਨ ਸਿੰਘ ਦੀ ਯਾਦ 'ਚ ਪਿੰਡ ਭੱਟੀਆਂ ਵਿਚ ਦੂਸਰਾ ਕਬੱਡੀ ਕੱਪ ਕਰਵਾਇਆ ਗਿਆ | ਇਸ ਸਬੰਧੀ ਹਰਵਿੰਦਰ ਸਿੰਘ ਭੱਟੀਆਂ ਨੇ ਦੱਸਿਆ ਕਿ 13 ਅਪ੍ਰੈਲ 1978 ਨੂੰ ਵਿਸਾਖੀ ਵਾਲੇ ਦਿਨ ਅੰਮਿ੍ਤਸਰ ਵਿਖੇ ਨਿਰੰਕਾਰੀ ਕਾਂਡ ਦੌਰਾਨ 13 ਸਿੰਘ ਸ਼ਹੀਦ ਹੋਏ ਸਨ, ਜਿਨ੍ਹਾਂ ਵਿਚ ਉਨ੍ਹਾਂ ਦੇ ਪਿੰਡ ਦੇ ਵੀ ਇਕ ਸਿੰਘ ਹਰਭਜਨ ਸਿੰਘ ਸ਼ਹੀਦ ਹੋਏ ਸਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਕਬੱਡੀ ਖਿਡਾਰੀ ਸਰਬਜੀਤ ਸਿੰਘ ਸੱਬਾ ਨੇ ਪਿਛਲੇ ਸਾਲ ਫ਼ੌਜ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਉਨ੍ਹਾਂ ਵਲੋਂ ਸ਼ਹੀਦ ਦੇ ਨਾਂਅ 'ਤੇ ਕਬੱਡੀ ਕੱਪ ਸ਼ੁਰੂ ਕੀਤਾ ਗਿਆ | ਬੀਤੇ ਦਿਨ ਇਹ ਦੂਸਰਾ ਕਬੱਡੀ ਕੱਪ ਕਰਵਾਇਆ ਗਿਆ ਜਿਸ ਵਿਚ 6 ਟੀਮਾਂ ਨੇ ਭਾਗ ਲਿਆ | ਫਾਈਨਲ ਮੈਚ ਬਾਬਾ ਲਾਲ ਸਿੰਘ ਮਸਲਬਾਰ ਜਿੰਮ ਅਤੇ ਘਰਿਆਲਾ ਵਿਚ ਕਰਵਾਇਆ ਗਿਆ, ਜੋ ਬਰਾਬਰੀ 'ਤੇ ਸਮਾਪਤ ਹੋਇਆ | ਕੁੜੀਆਂ ਦੀ ਕਬੱਡੀ ਦਾ ਸ਼ੋਅ ਮੈਚ, 40 ਸਾਲ ਤੋਂ ਉਪਰ ਦੇ ਖਿਡਾਰੀਆਂ ਦਾ ਸ਼ੋਅ ਮੈਚ ਤੇ ਬੱਚਿਆਂ ਦੀਆਂ ਰਵਾਇਤੀ ਖੇਡਾਂ ਵੀ ਕਰਵਾਈਆਂ ਗਈਆਂ | ਮੁੱਖ ਪ੍ਰਬੰਧਕ ਸਰਬਜੀਤ ਸਿੰਘ ਸੱਬਾ ਨੇ ਦੱਸਿਆ ਕਿ ਕਬੱਡੀ ਕੱਪ ਕਰਵਾਉਣ ਵਿਚ ਉਨ੍ਹਾਂ ਦੇ ਭਰਾ ਸਰਵਣ ਸਿੰਘ ਡੁਬਈ, ਭੈਣ ਸਰਬਜੀਤ ਕੌਰ ਯੂ.ਐੱਸ.ਏ. ਭੱਟੀਆਂ, ਲਖਵਿੰਦਰ ਸਿੰਘ ਸਰਪੰਚ ਤੇ ਉਨ੍ਹਾਂ ਦੇ ਹੋਰ ਰਿਸ਼ਤੇਦਾਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ | ਇਸ ਮੌਕੇ ਸ਼ਹੀਦ ਹਰਭਜਨ ਸਿੰਘ ਦੇ ਵੱਡੇ ਪੁੱਤਰ ਬਲਜਿੰਦਰ ਸਿੰਘ ਤੇ ਸ਼ਹੀਦ ਦੇ ਛੋਟੇ ਭਰਾ ਗੁਰਮੀਤ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ |