ਸ਼ਾਹਪੁਰ ਕੰਢੀ, 17 ਅਪ੍ਰੈਲ (ਰਣਜੀਤ ਸਿੰਘ)- ਰਣਜੀਤ ਸਾਗਰ ਡੈਮ ਦੀ ਵਿਸ਼ਾਲ ਝੀਲ 'ਚੋਂ ਮੱਛੀਆਂ ਫੜਨ ਲਈ ਠੇਕੇ ਦੀ ਆਨਲਾਈਨ ਬੋਲੀ ਹੁਣ 30 ਅਪ੍ਰੈਲ ਨੰੂ ਰੱਖੀ ਗਈ ਹੈ | ਇਹ ਬੋਲੀ ਪਹਿਲਾਂ 7 ਵਾਰ ਮੁਲਤਵੀ ਤੇ ਅੱਠਵੀਂ ਵਾਰ ਰੱਦ ਹੋ ਚੁੱਕੀ ਹੈ | ਹੁਣ ਇਸ ਠੇਕੇ ਦੀ ਮੁੱਢਲੀ ਬੋਲੀ 1 ਕਰੋੜ 3 ਲੱਖ 75650 ਰੁਪਏ ਰੱਖੀ ਗਈ ਹੈ | ਵਰਨਣਯੋਗ ਹੈ ਕਿ ਪਿਛਲਾ ਠੇਕਾ 26 ਨਵੰਬਰ 2025 ਨੰੂ ਪੂਰਾ ਹੋ ਗਿਆ ਸੀ ਜਿਸ ਲਈ ਨਵੇਂ ਠੇੇਕੇ ਦੀ ਬੋਲੀ 5 ਦਸੰਬਰ 2025 ਨੰੂ ਰੱਖੀ ਗਈ ਸੀ ਤੇ ਮੁੱਢਲਾ ਮੁੱਲ 1 ਕਰੋੜ 41 ਲੱਖ ਰੁਪਏ ਰੱਖਿਆ ਗਿਆ ਸੀ ਪਰ ਕੋਈ ਵੀ ਠੇਕੇਦਾਰ ਬੋਲੀ ਦੇਣ ਨਹੀਂ ਆਇਆ ਜਿਸ ਕਾਰਨ ਬੋਲੀ ਮੁਲਤਵੀ ਕਰਨੀ ਪਈ ਅਤੇ ਮੁੱਢਲੇ ਮੁੱਲ ਘਟਾ ਕੇ 7 ਵਾਰ ਬੋਲੀ ਰੱਖੀ ਗਈ | ਅੱਠਵੀਂ ਵਾਰ ਇਕ ਠੇਕੇਦਾਰ ਨੇ 1 ਕਰੋੜ 3 ਲੱਖ 11407 ਰੁਪਏ ਆਨਲਾਈਨ ਬੋਲੀ ਦੇ ਕੇ ਠੇਕਾ ਹਾਸਲ ਕਰ ਲਿਆ ਪਰ ਮਹਿਕਮੇ ਨੇ ਇਕ ਬੋਲੀਕਾਰ ਹੋਣ ਕਾਰਨ ਠੇਕਾ ਰੱਦ ਕਰ ਦਿੱਤਾ ਜਿਸ ਕਾਰਨ ਹੁਣ 9ਵੀਂ ਵਾਰ 30 ਅਪ੍ਰੈਲ ਨੰੂ ਆਨਲਾਈਨ ਬੋਲੀ ਰੱਖੀ ਗਈ ਹੈ | ਜੇਕਰ ਘੱਟੋ-ਘੱਟ 3 ਠੇਕੇਦਾਰ ਬੋਲੀ ਦੇਣਗੇ ਤਾਂ ਹੀ ਬੋਲੀ ਮਨਜ਼ੂਰ ਕੀਤੀ ਜਾਵੇਗੀ | ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਜਿਹੜਾ ਵੀ ਠੇਕੇਦਾਰ ਵੱਧ ਬੋਲੀ ਦੇਵੇਗਾ ਉਸ ਨੰੂ ਹੀ ਠੇਕਾ ਦਿੱਤਾ ਜਾਵੇਗਾ | ਬੋਲੀ ਦੀ 25 ਫੀਸਦੀ ਰਕਮ ਮੌਕੇ ਉਪਰ ਜਮ੍ਹਾਂ ਕਰਵਾਉਣੀ ਹੋਵੇਗੀ | ਬਾਕੀ 75 ਫੀਸਦੀ ਦੀਆਂ 5 ਕਿਸ਼ਤਾਂ ਕੀਤੀਆਂ ਜਾਣਗੀਆਂ |