ਫਤਹਿਗੜ੍ਹ ਚੂੜੀਆਂ, 3 ਮਈ (ਅਵਤਾਰ ਸਿੰਘ ਰੰਧਾਵਾ)-ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਉੱਪਰ ਹੋਏ ਹਮਲੇ ਸਬੰਧੀ ਚਰਚਾ ਵਿਚ ਰਹੇ ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਤੋਂ ਬਾਅਦ ਹੁਣ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੀ ਆਪਣੇ ਪੁਰਖਿਆਂ ਦੀਆਂ ਲੀਹਾਂ ਉੱਪਰ ਚਲਦੇ ਹੋਏ ਸਿੱਖ ਵਿਰੋਧੀ ਬਿਆਨਬਾਜ਼ੀਆਂ ਛੱਡਦੇ ਨਜ਼ਰ ਆ ਰਹੇ ਹਨ, ਕਿਉਂਕਿ ਬੀਤੇ ਦਿਨੀਂ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਭਾਈ ਅੰਮਿ੍ਤਪਾਲ ਸਿੰਘ ਉੱਪਰ ਲਗਾਈ ਗਈ ਐਨਐਸਏ ਸਬੰਧੀ ਇਲਜ਼ਾਮ ਲਗਾ ਕੇ ਸਿੱਖਾਂ ਦੇ ਅੱਲੇ ਜ਼ਖ਼ਮਾਂ ਨੂੰ ਵਲੂੰਧਰਨ ਦੀ ਕੋਸ਼ਿਸ਼ ਕੀਤੀ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਇੰਚਾਰਜ ਭਾਈ ਜੁਗਰਾਜ ਸਿੰਘ ਲਾਲਾਨੰਗਲ ਨੇ ਕੀਤਾ | ਉਨ੍ਹਾਂ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਅਜੋਕੇ ਸਮੇਂ ਅੰਦਰ ਡਿੱਬੜੂਗੜ ਜੇਲ ਵਿਚ ਨਜ਼ਰਬੰਦ ਹਨ, ਜਿਨਾਂ ਉੱਪਰ ਘਿਨਾਉਣੀਆ ਸਾਜਿਸ਼ਾਂ ਰਚਦੇ ਹੋਏ ਹੋ ਰਹੀਆਂ ਤਾਜ਼ੀਆਂ ਘਟਨਾਵਾਂ ਨਾਲ ਜੋੜਨਾ ਅਤੇ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਦੀ ਪੰਜਾਬ ਤੇ ਪੰਜਾਬ ਦੀ ਨੌਜਵਾਨੀ ਨਾਲ ਹਰਮਨ ਪਿਆਰਤਾ ਨੂੰ ਦੇਖ ਕੇ ਬੁਖਲਾਹਟ ਵਿਚ ਆ ਕੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਤੱਥਾਂ ਤੋਂ ਹੀਣੇ ਬਿਆਨ ਦੇਣੇ ਇਕ ਕੋਝੀ ਚਾਲ ਹੈ | ਉਨ੍ਹਾਂ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਉੱਪਰ ਲਗਾਏ ਹੋਏ ਦੋਸ਼ ਪਹਿਲਾਂ ਹੀ ਬੇਬੁਨਿਆਦ ਹਨ ਤੇ ਜੇਕਰ ਸੁਖਜਿੰਦਰ ਸਿੰਘ ਰੰਧਾਵਾ ਦੀ ਨਜ਼ਰ ਵਿਚ ਕੋਈ ਸਬੂਤ ਹਨ ਤਾਂ ਉਹ ਅਦਾਲਤਾਂ ਵਿਚ ਪੇਸ਼ ਕੀਤੇ ਜਾਣ, ਜਦ ਕਿ ਅਜਿਹੇ ਬਿਆਨ ਦੇਣੇ ਲੋਕਤੰਤਰ ਲਈ ਬੇਹੱਦ ਨੁਕਸਾਨਦੇਹ ਹਨ | ਉਨ੍ਹਾਂ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਦੀਆਂ ਨੇਕ ਨੀਤੀਆਂ ਕਰਕੇ ਹਰ ਵਰਗ ਦੇ ਲੋਕ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਧੜਾ-ਧੜ ਸਮਰਥਨ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਦੀ ਅਗਵਾਈ ਹੇਠ 2027 ਵਿਚ ਇਤਿਹਾਸਿਕ ਜਿੱਤ ਪ੍ਰਾਪਤ ਕਰ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਪੰਜਾਬ ਦੀ ਸਤਾ 'ਤੇ ਕਾਬਜ਼ ਹੋਵੇਗੀ ਤੇ ਲੋਕਾਂ ਨੂੰ ਚੰਗੀ ਨਿਆਂ ਪ੍ਰਣਾਲੀ, ਹੱਕ ਸੱਚ ਤੇ ਨਿਰਪੱਖ ਰਾਜਭਾਗ ਦੇ ਕੇ ਇਤਿਹਾਸਿਕ ਮਿਸਾਲ ਪੈਦਾ ਕਰੇਗੀ |