ਵਡਾਲਾ ਗ੍ਰੰਥੀਆਂ, 4 ਮਈ (ਗੁਰਪ੍ਰਤਾਪ ਸਿੰਘ ਕਾਹਲੋਂ)-ਪੰਜਾਬ 'ਚ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਚਿੰਤਾਜਨਕ ਤਸਵੀਰ ਸਾਹਮਣੇ ਆ ਰਹੀ ਹੈ, ਜਿੱਥੇ ਸਿਖਲਾਈ ਦੇ ਨਾਂਅ 'ਤੇ ਸਰਕਾਰੀ ਸਕੂਲਾਂ ਨੂੰ ਤਾਲੇ ਲਗਾਉਣ ਦੀ ਸਥਿਤੀ ਬਣ ਰਹੀ ਹੈ | ਗੌਰਮਿੰਟ ਕਲਾਸੀਕਲ ਐਂਡ ਵਰਨੇਕੁਲਰ ਟੀਚਰਜ਼ ਯੂਨੀਅਨ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਮਨਪ੍ਰੀਤ ਸਿੰਘ ਕਾਹਲੋਂ ਤੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮੁਸਤਫ਼ਾਬਾਦ ਨੇ ਤਿੱਖੇ ਸ਼ਬਦਾਂ ਵਿਚ ਕਿਹਾ ਕਿ ਇਹ ਸਿਰਫ਼ ਪ੍ਰਸ਼ਾਸਨਿਕ ਲਾਪ੍ਰਵਾਹੀ ਨਹੀਂ, ਸਗੋਂ ਪੰਜਾਬ ਦੀ ਨੌਜਵਾਨੀ ਦੇ ਭਵਿੱਖ ਨਾਲ ਖਿਲਵਾੜ ਹੈ | ਉਨ੍ਹਾਂ ਖੁਲਾਸਾ ਕੀਤਾ ਕਿ ਪਿਛਲੇ ਲਗਭਗ ਇਕ ਮਹੀਨੇ ਤੋਂ ਜਨਗਣਨਾ ਟ੍ਰੇਨਿੰਗ ਦੇ ਨਾਂਅ 'ਤੇ ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਨੂੰ ਵੱਡੀ ਗਿਣਤੀ ਵਿਚ ਬਾਹਰ ਬੁਲਾਇਆ ਜਾ ਰਿਹਾ ਹੈ | ਇਸ ਕਾਰਨ 90 ਤੋਂ 95 ਫ਼ੀਸਦੀ ਤੱਕ ਸਕੂਲ ਅਧਿਆਪਕਾਂ ਤੋਂ ਖਾਲੀ ਹੋਣ ਦੇ ਕਗਾਰ 'ਤੇ ਹਨ | ਕਈ ਸਕੂਲਾਂ 'ਚ ਤਾਂ ਇਕ ਵੀ ਅਧਿਆਪਕ ਮੌਜ਼ੂਦ ਨਹੀਂ, ਜਿਸ ਨਾਲ ਪੜ੍ਹਾਈ ਪੂਰੀ ਤਰ੍ਹਾਂ ਠੱਪ ਹੋਣ ਦਾ ਖਤਰਾ ਬਣ ਗਿਆ ਹੈ | ਆਗੂਆਂ ਨੇ ਸਿੱਧਾ ਦੋਸ਼ ਲਾਇਆ ਕਿ ਸਿੱਖਿਆ ਕ੍ਰਾਂਤੀ ਦੇ ਵੱਡੇ ਦਾਅਵੇ ਕਰਨ ਵਾਲੀ ਸਰਕਾਰ ਮੈਦਾਨ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਗਰੀਬ ਤੇ ਮਜ਼ਦੂਰ ਵਰਗ ਦੇ ਬੱਚੇ, ਜੋ ਸਰਕਾਰੀ ਸਕੂਲਾਂ 'ਤੇ ਨਿਰਭਰ ਹਨ, ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ, ਜਿਸ ਕਰਕੇ ਵਿਦਿਆਰਥੀਆਂ ਦੇ ਮਾਪਿਆਂ ਵਿਚ ਇਹ ਸਹਿਮ ਪਾਇਆ ਜਾ ਰਿਹਾ ਹੈ ਕਿ ਜਦੋਂ ਸਕੂਲਾਂ 'ਚ ਅਧਿਆਪਕ ਹੀ ਨਹੀਂ ਰਹਿਣਗੇ ਤਾਂ ਬੱਚਿਆਂ ਦੀ ਸਿੱਖਿਆ ਕਿਵੇਂ ਚੱਲੇਗੀ? ਇਸ ਤੋਂ ਇਲਾਵਾ ਅਧਿਆਪਕਾਂ 'ਤੇ ਜਨਗਣਨਾ, ਬੀ.ਐੱਲ.ਓ. ਡਿਊਟੀ, ਪਰਾਲੀ ਸਾੜਨ ਦੀ ਨਿਗਰਾਨੀ, ਸਿਹਤ ਬੀਮਾ ਯੋਜਨਾਵਾਂ ਸਮੇਤ ਅਨੇਕਾਂ ਗੈਰ-ਵਿਦਿਅਕ ਕੰਮਾਂ ਦਾ ਬੋਝ ਪਾਇਆ ਜਾ ਰਿਹਾ ਹੈ, ਜਿਸ ਨਾਲ ਮਾਨਸਿਕ ਦਬਾਅ ਵੀ ਵਧ ਰਿਹਾ ਹੈ | ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਹਾਲਾਤ ਜਾਰੀ ਰਹੇ ਤਾਂ ਸਿੱਖਿਆ ਪ੍ਰਣਾਲੀ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਵੇਗਾ | ਉਨ੍ਹਾਂ ਦੱਸਿਆ ਕਿ 13 ਮਈ ਤੋਂ ਸ਼ੁਰੂ ਹੋ ਰਹੇ ਜਨਗਣਨਾ ਪ੍ਰੋਗਰਾਮ ਦੌਰਾਨ ਸਕੂਲਾਂ ਦੇ ਵੱਡੇ ਪੱਧਰ 'ਤੇ ਬੰਦ ਹੋਣ ਦੀ ਸੰਭਾਵਨਾ ਹੈ, ਪਰ ਸਰਕਾਰ ਅਤੇ ਸਿੱਖਿਆ ਵਿਭਾਗ ਇਸ ਗੰਭੀਰ ਮਸਲੇ 'ਤੇ ਅਜੇ ਵੀ ਚੁੱਪ ਹੈ | ਅਪ੍ਰੈਲ ਮਹੀਨੇ ਦੌਰਾਨ ਵੀ ਬੱਚੇ ਅਧਿਆਪਕਾਂ ਤੋਂ ਵਾਂਝੇ ਰਹੇ, ਜੋ ਕਿ ਸਿੱਖਿਆ ਪ੍ਰਣਾਲੀ ਲਈ ਖਤਰੇ ਦੀ ਘੰਟੀ ਹੈ | ਆਗੂਆਂ ਨੇ ਸਪੱਸ਼ਟ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਤੁਰੰਤ ਗੈਰ-ਵਿਦਿਅਕ ਡਿਊਟੀਆਂ ਦਾ ਬੋਝ ਘਟਾ ਕੇ ਸਕੂਲਾਂ ਵਿਚ ਪੜ੍ਹਾਈ ਨੂੰ ਯਕੀਨੀ ਨਾ ਬਣਾਇਆ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਪਵੇਗਾ | ਇਸ ਮੌਕੇ ਵਿੱਤ ਸਕੱਤਰ ਉਪਕਾਰ ਸਿੰਘ, ਸਾਗਰ ਪਰਾਸ਼ਰ, ਹਰਵੰਤ ਸਿੰਘ ਰੰਧਾਵਾ, ਸੁਖਦੀਪ ਸਿੰਘ ਘੁੰਮਣ, ਨਰਪਿੰਦਰ ਸਿੰਘ