ਕਾਦੀਆਂ, 4 ਮਈ (ਕੁਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਠੀਕਰੀਵਾਲ ਗੁਰਾਇਆ ਦੇ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਭਾਈ ਸਰਦਾਰਾ ਸਿੰਘ ਠੀਕਰੀਵਾਲ ਤੇ ਸੰਗਤਾਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਗੁਰਮਤਿ ਸਮਾਗਮ ਤੇ ਚੌਥੇ ਦਿਨ ਅੰਮਿ੍ਤ ਸੰਚਾਰ ਸਮਾਗਮ ਕਰਵਾਇਆ ਗਿਆ | ਗੁਰਮਤਿ ਸਮਾਗਮ 'ਚ ਵਿਸ਼ੇਸ ਤੌਰ 'ਤੇ ਨਿਸ਼ਕਾਮ ਕੀਰਤਨੀ ਜਥਾ ਬੱਬਰੀ ਗੁਰਦਾਸਪੁਰ ਡਾ. ਸ਼ਿਵ ਸਿੰਘ ਜਥਾ ਤੇ ਰਾਗੀ ਸਿੰਘ ਤਿੰਨ ਦਿਨ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀਂ ਹਾਜ਼ਰੀਆਂ ਲਗਵਾਉਂਦੇ ਰਹੇ | ਵੱਖ-ਵੱਖ ਰਾਗੀ ਸਿੰਘਾਂ ਵਲੋਂ ਇਸ ਮੌਕੇ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਨਾਲ ਜੁੜੀਆਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਨਾਲ ਜੁੜਨ ਅਤੇ ਖੰਡੇ ਬਾਟੇ ਦਾ ਅੰਮਿ੍ਤ ਛਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ | ਗੁਰਮਤਿ ਸਮਾਗਮ ਦੇ ਨਾਲ ਨਸ਼ਾ ਛਡਾਊ ਅਤੇ ਮੈਡੀਕਲ ਕੈਂਪ ਵੀ ਲਗਾਇਆ ਗਿਆ | ਮੁੱਖ ਪ੍ਰਬੰਧਕ ਭਾਈ ਸਰਦਾਰਾ ਸਿੰਘ ਠੀਕਰੀਵਾਲ, ਸਤਨਾਮ ਸਿੰਘ, ਸਵਿੰਦਰ ਸਿੰਘ, ਮਲਕੀਤ ਸਿੰਘ, ਕਿਰਪਾਲ ਸਿੰਘ, ਦਲਬੀਰ ਸਿੰਘ, ਨਗੀਨਾ ਸਿੰਘ, ਨੰਬਰਦਾਰ ਬਚਨ ਸਿੰਘ ਸਮੇਤ ਸੇਵਾਦਾਰਾਂ ਨੇ ਸਮੂਹ ਸੰਗਤਾਂ ਦੇ ਸਹਿਯੋਗ ਵਾਸਤੇ ਧੰਨਵਾਦ ਪ੍ਰਗਟ ਕੀਤਾ | ਇਸ ਮੌਕੇ ਰਾਗੀ ਜਥਿਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ | ਚੌਥੇ ਦਿਨ ਲਗਭਗ 50 ਪ੍ਰਾਣੀਆਂ ਨੇ ਪੰਜ ਪਿਆਰੇ ਸਾਹਿਬਾਨ ਤੋਂ ਖੰਡੇ ਬਾਟੇ ਦਾ ਅੰਮਿ੍ਤ ਛਕਿਆ | ਪ੍ਰਬੰਧਕ ਕਮੇਟੀ ਵਲੋਂ ਅੰਮਿ੍ਤ ਛਕਣ ਵਾਲੇ ਸਮੂਹ ਪ੍ਰਾਣੀਆਂ ਨੂੰ ਸਨਮਾਨਿਤ ਵੀ ਕੀਤਾ | ਸੰਗਤਾਂ ਨੂੰ ਪਤਿਤਪੁਣੇ ਅਤੇ ਨਸ਼ੇ ਤੋਂ ਬਚਾਓ ਕਰਨ ਲਈ ਜਾਗਰੂਕ ਵੀ ਕੀਤਾ ਗਿਆ |