ਸ੍ਰੀ ਹਰਿਗੋਬਿੰਦਪੁਰ, 8 ਮਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਪਿੰਡਾ ਰੋੜੀ ਦੇ ਵਸਨੀਕ ਐਡਵੋਕੇਟ ਵਿਕਰਮਪਾਲ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁਰਜ਼ੋਰ ਸ਼ਬਦਾਂ 'ਚ ਅਪੀਲ ਕੀਤੀ ਹੈ ਕਿ ਪੁਲਿਸ ਜ਼ਿਲ੍ਹਾ ਬਟਾਲਾ ਬਹੁਤ ਵੱਡਾ ਸ਼ਹਿਰ ਹੈ ਤੇ ਇੱਥੇ ਜ਼ਿਲ੍ਹੇ ਦੀ ਸਭ ਵੱਡੀ ਸਬ ਡਵੀਜ਼ਨ ਹੈ, ਜਿਸ ਵਿਚ 495 ਦੇ ਕਰੀਬ ਪਿੰਡ ਆਉਂਦੇ ਹਨ | ਇਸ ਤੋਂ ਇਲਾਵਾ ਨਵਾਂ ਕੋਰਟ ਕੰਪਲਸ ਵੀ ਬਣਿਆ ਹੋਇਆ ਹੈ, ਜਿਸ ਵਿਚ 12 ਅਦਾਲਤਾਂ ਬਣੀਆਂ ਨੇ, ਨਵਾਂ ਤਹਿਸੀਲ ਕੰਪਲਸ ਬਣਿਆ ਹੋਇਆ ਹੈ | ਐਡਵੋਕੇਟ ਵਿਕਰਮਪਾਲ ਸਿੰਘ ਨੇ ਕਿਹਾ ਕਿ ਬਟਾਲਾ ਵਿਚ ਰੈਵੀਨਿਊ ਅਤੇ ਨਿਆਇਕ ਕੰਮ ਵੀ ਜ਼ਿਲ੍ਹਾ ਗੁਰਦਾਸਪੁਰ ਨਾਲੋਂ ਜ਼ਿਆਦਾ ਹੈ ਤੇ ਬਟਾਲਾ ਸਨਅਤੀ ਸ਼ਹਿਰ ਹੋਣ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਅ ਪ੍ਰਾਪਤ ਇਤਿਹਾਸਿਕ ਨਗਰ ਹੈ | ਉਨ੍ਹਾਂ ਕਿਹਾ ਕਿ ਬਟਾਲਾ ਜ਼ਿਲ੍ਹਾ ਬਣਨ ਦੀਆਂ ਸਾਰੀਆਂ ਸ਼ਰਤਾਂ ਵੀ ਪੂਰੀਆਂ ਕਰ ਰਿਹਾ ਹੈ | ਇਸ ਲਈ ਸਰਕਾਰ ਨੂੰ ਲੋਕਾਂ, ਵਕੀਲ ਭਾਈਚਾਰੇ ਤੇ ਸਮਾਜਸੇਵੀ ਸੰਸਥਾ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕਰਨਾ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੋਣ ਕਾਰਨ ਹੁਣ ਤੱਕ ਜਿੰਨ੍ਹੀਆ ਵੀ ਸਰਕਾਰਾਂ ਆਈਆਂ ਹਨ, ਉਨ੍ਹਾਂ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹੋਏ ਬਟਾਲਾ ਨੂੰ ਪਹਿਲ ਦੇ ਆਧਾਰ 'ਤੇ ਜ਼ਿਲ੍ਹਾ ਬਣਾਉਣ ਦੇ ਫੌਕੇ ਵਾਅਦੇ ਹੀ ਕੀਤੇ ਨੇ, ਪਰ ਕਿਸੇ ਸਰਕਾਰ ਨੇ ਅਜੇ ਤੱਕ ਆਪਣਾ ਵਾਅਦਾ ਪੂਰਾ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਵਕੀਲ ਭਾਈਚਾਰੇ ਵਲੋਂ ਵੀ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਸੰਘਰਸ਼ ਵਿੱਢਿਆ ਹੋਇਆ ਹੈ | ਉਨ੍ਹਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਬਟਾਲਾ ਨੂੰ ਜ਼ਿਲ੍ਹਾ ਬਣਾਇਆ ਜਾਵੇ |