ਗੁਰਦਾਸਪੁਰ, 8 ਮਈ (ਚੱਕਰਾਜਾ)-6 ਮਈ ਤੋਂ ਅਣਮਿਥੇ ਸਮੇਂ ਲਈ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਤੀਸਰੇ ਦਿਨ ਵੀ ਜਾਰੀ ਰਹੀ | ਅੱਜ ਦੀ ਇਸ ਹੜਤਾਲ ਨੂੰ ਇਫਟੂ, ਪੀ.ਐੱਸ.ਯੂ, ਭੀਮ ਆਰਮੀ, ਪੀ.ਆਰ.ਐੱਸ.ਯੂ ਵਲੋਂ ਹਮਾਇਤ ਦਿੱਤੀ ਤੇ ਜਥੇਬੰਦੀ ਦੇ ਹਰ ਸੱਦੇ 'ਚ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ | ਸਫ਼ਾਈ ਕਾਮਿਆਂ ਵਲੋਂ ਹੜਤਾਲ ਉਪਰੰਤ ਕਮੇਟੀ ਦਫ਼ਤਰ ਵਿਖੇ ਧਰਨਾ ਦਿੱਤਾ ਗਿਆ | ਜ਼ਿਲ੍ਹਾ ਪ੍ਰਧਾਨ ਮਨੀਸ਼ ਗਿੱਲ, ਜ਼ਿਲ੍ਹਾ ਸੈਕਟਰੀ ਸੋਨੂੰ ਸਭਰਵਾਲ, ਪ੍ਰਧਾਨ ਬਸ਼ੀਰ, ਰਵੀ ਕੁਮਾਰ ਤੇ ਪੂਜਾ ਦੀ ਅਗਵਾਈ 'ਚ ਚੱਲੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ 3 ਦਿਨ ਬੀਤਣ ਉਪਰੰਤ ਵੀ ਪੰਜਾਬ ਸਰਕਾਰ ਜਥੇਬੰਦੀ ਨਾਲ ਗੱਲਬਾਤ ਕਰਨ ਤੋਂ ਭੱਜ ਗਈ ਹੈ | ਬੀਤੇ ਦਿਨੀਂ 'ਸ਼ੁਕਰਾਨਾ ਯਾਤਰਾ' ਉੱਪਰ ਨਿਕਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ 'ਚ ਹੜਤਾਲ ਉੱਪਰ ਬੈਠੇ ਸਫ਼ਾਈ ਕਾਮੇ ਨਹੀਂ ਦਿਸ ਰਹੇ ਹਨ | ਇਸ ਮੌਕੇ ਇਫਟੂ ਦੇ ਸੁਖਦੇਵ ਰਾਜ ਬਹਿਰਾਮਪੁਰ, ਪੀ.ਐੱਸ.ਯੂ ਦੇ ਅਮਰ ਕ੍ਰਾਂਤੀ, ਭੀਮ ਆਰਮੀ ਦੇ ਬਲਵਿੰਦਰ ਕੁਮਾਰ ਫ਼ੌਜੀ, ਪੀ.ਆਰ.ਐੱਸ.ਯੂ ਦੇ ਗੁਰਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ | ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਫ਼ੌਰੀ ਮੰਨਿਆ ਜਾਵੇ ਤਾਂ ਜੋ ਕਰਮਚਾਰੀਆਂ ਦਾ ਉਨ੍ਹਾਂ ਦੇ ਪਰਿਵਾਰਾਂ ਸਮੇਤ ਭਵਿੱਖ ਸੁਰੱਖਿਅਤ ਹੋ ਸਕੇ | ਉਨ੍ਹਾਂ ਸਫ਼ਾਈ ਕਰਮਚਾਰੀਆਂ ਦੇ ਸੰਘਰਸ਼ ਨਾਲ ਇੱਕਜੁੱਟਤਾ ਜ਼ਾਹਿਰ ਕਰਦਿਆਂ ਅਣਮਿਥੇ ਸਮੇਂ ਹੜਤਾਲ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ | ਇਸ ਮੌਕੇ ਭੀਮ ਆਰਮੀ ਦੇ ਪ੍ਰਧਾਨ ਰਾਜਨ, ਮੀਤ ਪ੍ਰਧਾਨ ਬਲਜੀਤ ਸਿੰਘ, ਜੁਆਇੰਟ ਸੈਕਟਰੀ ਆਕਾਸ਼ ਕੁਮਾਰ, ਅਨਮੋਲ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ |