ਫ਼ਤਹਿਗੜ੍ਹ ਚੂੜੀਆਂ, 8 ਮਈ (ਐੱਮ.ਐੱਸ. ਫੁੱਲ)-ਇਕ ਪਾਸੇ ਸਰਕਾਰ 2027 ਦੀਆਂ ਚੋਣਾ 'ਚ ਦੂਜੀ ਵਾਰ ਜਿੱਤਣ ਦੀ ਮਨਸ਼ਾ ਨਾਲ ਜਨਤਾ ਨੂੰ ਵੱਖ-ਵੱਖ ਸਕੀਮਾਂ ਤੇ ਲਾਲਚ ਦੇ ਕੇ ਰੁਝਾ ਰਹੀ ਹੈ ਤੇ ਨਿੱਤ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਗਿਣਾ ਰਹੇ ਹੁੰਦੇ ਹਨ, ਉਥੇ ਦੂਜੇ ਪਾਸੇ ਜ਼ਮੀਨੀ ਸੱਚਾਈ ਕੁਝ ਹੋਰ ਹੀ ਹੈ | ਜਨਤਾ ਨੂੰ ਸੁੱਖ ਸਹੂਲਤਾਂ ਦੇਣ ਦੇ ਦਾਅਵੇ ਕਰਨ ਵਾਲੀ ਸਰਕਾਰ ਹੇਠਲੇ ਪੱਧਰ 'ਤੇ ਸਹੂਲਤਾਂ ਦੇਣ 'ਚ ਨਾਕਾਮ ਸਾਬਤ ਹੋ ਰਹੀ ਹੈ | ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਬਟਾਲਾ ਤੋਂ ਵਾਇਆ ਫ਼ਤਹਿਗੜ੍ਹ ਚੂੜੀਆਂ ਅਜਨਾਲਾ ਨੂੰ ਜਾਣ ਵਾਲੀਆਂ ਬਟਾਲਾ ਡੀਪੂ ਦੀਆਂ ਬੱਸਾਂ ਦਾ ਸਵੇਰੇ 7:20 ਤੋਂ 7:40 ਫ਼ਤਹਿਗੜ੍ਹ ਚੂੜੀਆਂ ਤੋਂ ਅਜਨਾਲਾ, ਸਵੇਰੇ 7:20 ਤੋਂ 9 ਵਜੇ ਬਟਾਲਾ ਤੋਂ ਅਜਨਾਲਾ ਵਾਇਆ ਫ਼ਤਹਿਗੜ੍ਹ ਚੂੜੀਆਂ ਟਾਇਮ ਪੱਕੇ ਤੌਰ 'ਤੇ ਬੰਦ ਕੀਤੇ ਜਾਣ ਕਾਰਨ ਸਵੇਰ ਵੇਲੇ ਜਾਣ ਵਾਲੇ ਮੁਸਾਫਿਰ ਇਕ ਤਾਂ ਖੱਜਲ-ਖੁਆਰ ਹੋ ਰਹੇ ਹਨ ਤੇ ਦੂਜੇ ਸਵਾਰੀਆਂ ਨਾਲ ਤੁੰਨੀਆਂ ਨਿੱਜੀ ਬੱਸਾਂ ਵਿਚ ਖੜ ਕੇ ਸਫ਼ਰ ਕਰਨ ਲਈ ਮਜਬੂਰ ਹਨ | ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਰੂਟ ਦੇ ਨਿੱਜੀ ਬੱਸਾਂ ਦਾ ਪਹਿਲਾਂ ਟਾਇਮ 9 ਵਜੇ ਦਾ ਹੈ, ਇਸ ਤੋਂ ਪਹਿਲਾਂ ਸਵੇਰੇ 6 ਤੋਂ ਲੈ ਕੇ 9 ਵਜੇ ਤੱਕ ਰੋਡਵੇਜ ਦੇ 3 ਟਾਇਮ ਹਨ, ਜਿਹੜੇ ਕਿ ਪਿਛਲੇ ਲੰਮੇ ਸਮੇਂ ਤੋਂ ਬੰਦ ਹਨ | ਇਥੇ ਹੋਰ ਦੱਸ ਦਈਏ ਕਿ ਫ਼ਤਹਿਗੜ੍ਹ ਚੂੜੀਆਂ ਅਜਿਹਾ ਸ਼ਹਿਰ ਹੈ, ਜਿੱਥੇ ਅੱਡਾ ਇੰਚਾਰਜ ਹੀ ਕੋਈ ਨਹੀਂ ਹੈ | ਰੋਡਵੇਜ ਦੇ ਟਾਇਮ ਬੰਦ ਕਰਨ ਨਾਲ ਇਕ ਤਾਂ ਨਿੱਜੀ ਬੱਸਾਂ ਵਾਲਿਆਂ ਦੀਆਂ ਮੌਜਾਂ ਲੱਗੀਆਂ ਪਈਆਂ ਹਨ ਅਤੇ ਦੂਜੇ ਪਾਸੇ ਅੰਦਰਖਾਤੇ ਇਹ ਵੀ ਪਤਾ ਲੱਗਾ ਹੈ ਕਿ ਸਰਕਾਰੀ ਕਰਮਚਾਰੀ ਨਿੱਜੀ ਵਾਲਿਆਂ ਤੋਂ ਮਲਾਈ ਵੀ ਖਾ ਰਹੇ ਹਨ | ਇਸ ਸਭ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ | ਲੋਕਾਂ ਨੇ ਸਰਕਾਰ ਤੇ ਸੰਬੰਧਿਤ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਰੋਡਵੇਜ ਦੇ ਸਵੇਰ ਦੇ ਤਿੰਨੇ ਟਾਇਮ ਤੁਰੰਤ ਚਲਾਈ ਜਾਣ ਤਾਂ ਜੋ ਸਵੇਰੇ ਸਵੱਖਤੇ ਆਪਣੇ ਕੰਮਾਂ ਕਾਰਾਂ 'ਤੇ ਜਾਣ ਵਾਲੇ ਮੁਸਾਫ਼ਿਰਾਂ ਨੂੰ ਕੋਈ ਮੁਸ਼ਕਿਲ ਨਾ ਆਵੇ | ਇਸ ਸਬੰਧੀ ਜਦੋਂ ਜੀ.ਐੱਮ. ਬਟਾਲਾ ਸ੍ਰੀ ਮਧੂ ਪੁਸ਼ਪ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਮੁਲਾਜ਼ਮਾਂ ਦੀ ਘਾਟ ਕਾਰਨ ਕਾਈ ਰੂਟਾਂ 'ਤੇ ਇਹ ਮੁਸ਼ਕਲ ਆ ਰਹੀ ਹੈ | ਹੁਣ ਸਰਕਾਰ ਨੇ ਮੁਲਾਜ਼ਮ ਭਰਤੀ ਕੀਤੇ ਹਨ ਅਤੇ 500 ਨਵੀਆਂ ਬੱਸਾਂ ਜਲਦ ਸਾਰੇ ਰੂਟਾਂ 'ਤੇ ਸਾਰੇ ਟਾਇਮ ਚੱਲਣਗੀਆਂ |