ਗੁਰਦਾਸਪੁਰ, 8 ਮਈ (ਚੱਕਰਾਜਾ)-ਸਥਾਨਕ ਸ਼ਹਿਰ ਦੇ ਬਥਵਾਲਾ ਲਿੰਕ ਰੋਡ ਤੋਂ ਗਰੀਨ ਐਵੇਂਨਿਊ, ਗੋਲਡਨ ਐਵੀਨਿਊ ਤੋਂ ਪ੍ਰੇਮ ਨਗਰ ਤੱਕ ਬਣੀ ਸੜਕ 'ਤੇ ਸੀਵਰੇਜ਼ ਬੋਰਡ ਵਲੋਂ ਬਣਾਇਆ ਮੇਨਹੋਲ ਇਕ ਸਾਲ 'ਚ ਹੀ ਢਹਿ ਢੇਰੀ ਹੋ ਗਿਆ ਹੈ | ਇਸ ਸਬੰਧੀ ਕਾਲੋਨੀ ਵਾਸੀਆਂ ਨੇ ਦੱਸਿਆ ਕਿ ਵਾਰ ਵਾਰ ਰਿਪੇਅਰ ਕਰਨ ਉਪਰੰਤ ਘੱਟੋ ਘੱਟ 7 ਮੇਨਹੋਲ ਸੜਕ ਤੋਂ 6 ਤੋਂ 10 ਇੰਚ ਦੇ ਕਰੀਬ ਨੀਵੇਂ ਹੋ ਗਏ ਹਨ | ਉਨ੍ਹਾਂ ਦੱਸਿਆ ਕਿ ਵਾਰ ਵਾਰ ਬੇਨਤੀ ਕਰਨ ਉਪਰੰਤ ਵੀ ਸੀਵਰੇਜ ਬੋਰਡ ਇਸ ਨੰੂ ਠੀਕ ਨਹੀਂ ਕਰ ਰਿਹਾ | ਪਿਛਲੇ ਸਾਲ ਇਕ ਮੇਨਹੋਲ ਜੋ ਬੁਰੀ ਤਰ੍ਹਾਂ ਟੁੱਟ ਗਿਆ ਸੀ, ਉਸ ਨੰੂ ਮਹਿਕਮੇ ਨੇ ਦੁਬਾਰਾ ਬਣਾਇਆ ਸੀ | ਪਰ ਕਰੀਬ 3 ਮਹੀਨੇ ਤੋਂ ਇਹ ਮੇਨਹੋਲ ਟੁੱਟ ਚੁੱਕਾ ਹੈ | ਜਿਸ ਕਾਰਨ ਸੜਕ 'ਚ ਡੂੰਘੇ ਹੋਏ ਮੇਨਹੋਲ ਨਾਲ ਹਾਦਸੇ ਵਾਪਰਨ ਦਾ ਡਰ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ 10 ਫੁੱਟ ਚੌੜੀ ਸੜਕ 'ਚ ਟਰੈਫ਼ਿਕ ਪੁਲਿਸ ਦੀਆਂ ਰੋਕਾਂ ਲਗਾ ਕੇ ਸੜਕ ਬੰਦ ਕਰ ਦਿੱਤੀ ਹੈ | ਜਦੋਂ ਕਿ ਪੂਰਾ ਦਿਨ ਇਸ ਰੋਡ ਉੱਪਰ ਆਵਾਜਾਈ ਲਗਾਤਾਰ ਬਣੀ ਰਹਿੰਦੀ ਹੈ ਤੇ ਸਕੂਲੀ ਬੱਸਾਂ ਵੀ ਇਸੇ ਸੜਕ ਤੋਂ ਕਾਲੋਨੀਆਂ ਦੇ ਬੱਚੇ ਲੈ ਕੇ ਜਾਂਦੀਆਂ ਹਨ | ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਸਬੰਧੀ ਪਹਿਲਾਂ ਵੀ ਅਧਿਕਾਰੀਆਂ ਤੇ ਅਖ਼ਬਾਰਾਂ ਰਾਹੀਂ ਇਸ ਸਮੱਸਿਆ ਤੋਂ ਜਾਣੂ ਕਰਵਾਇਆ ਗਿਆ ਹੈ | ਪਰ ਕਿਸੇ ਅਧਿਕਾਰੀ ਨੇ ਇਸ ਸਮੱਸਿਆ ਸਬੰਧੀ ਕੋਈ ਬਣਦੀ ਕਾਰਵਾਈ ਨਹੀਂ ਕੀਤੀ | ਇਸ ਸਬੰਧੀ ਕਾਲੋਨੀ ਦੇ ਵਸਨੀਕ ਸੁਰੇਸ਼ ਕੁਮਾਰ, ਰਣਜੀਤ ਸਿੰਘ, ਐਡਵੋਕੇਟ ਗੋਵਿੰਦ ਕੁਮਾਰ, ਬਲਜੀਤ ਸਿੰਘ, ਪਿਆਰਾ ਸਿੰਘ, ਹਰਦੇਵ ਸਿੰਘ, ਸਰਪੰਚ ਗੁਰਦੀਪ ਸਿੰਘ, ਸ਼ਾਮ ਲਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਸੜਕ 'ਚ ਲਗਾਈਆਂ ਰੋਕਾਂ ਹਟਾ ਕੇ ਸਾਰੇ ਸੀਵਰੇਜ ਦੇ ਮੇਨਹੋਲ ਠੀਕ ਕੀਤੇ ਜਾਣ ਤਾਂ ਜੋ ਹਾਦਸੇ ਨਾ ਵਾਪਰ ਸਕਣ |