ਤਾਰਾਗੜ੍ਹ, 8 ਮਈ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ 'ਚ ਪੈਂਦਾ ਕਸਬਾ ਤਾਰਾਗੜ੍ਹ ਹਲਕੇ ਦਾ ਇਕ ਮੇਨ ਕਸਬਾ ਹੈ | ਇਸ ਕਸਬੇ ਦੇ ਆਲੇ ਦੁਆਲੇ 30-40 ਪਿੰਡ ਲੱਗਦੇ ਹਨ ਤੇ ਇਹ ਸਾਰੇ ਪਿੰਡਾਂ ਦੇ ਲੋਕ ਤਕਰੀਬਨ ਆਪਣੀਆਂ ਜ਼ਰੂਰਤਾਂ ਦਾ ਸਮਾਨ ਇਸ ਕਸਬੇ ਦੇ ਬਾਜ਼ਾਰਾਂ ਵਿਚੋਂ ਲੈਂਦੇ ਹਨ ਤੇ ਹਰ ਸਮੇਂ ਇਸ ਕਸਬੇ ਦੀਆਂ ਸੜਕਾਂ 'ਤੇ ਆਵਾਜਾਈ ਲੱਗੀ ਰਹਿੰਦੀ ਹੈ | ਇਸ ਕਸਬੇ ਦੇ ਨਾਲ ਲੱਗਦੇ ਪਿੰਡ ਜਾਨੀ ਚੱਕ, ਮਦੀਨਪੁਰ, ਸ਼ੇਖੂ ਚੱਕ, ਬਕਨੌਰ, ਮਾਜਰਾ, ਨਰਾਇਣਪੁਰ, ਸਾਹਿਬ ਚੱਕ, ਰਕਵਾਲ, ਗੱਜੂ ਜਗੀਰ, ਰਤਨਗੜ੍ਹ, ਨੰਗਲ ਫ਼ਰੀਦਾ, ਪਟੋਆ, ਪੱਖੋ ਚੱਕ, ਸ਼ਾਲੋਵਾਲ, ਦਰਸ਼ੋਪੁਰ, ਝੇਲਾ ਆਮਦਾ ਗੁਰਦਾਸਪੁਰ, ਝੇਲਾ ਆਮਦਾ ਸ਼ਕਰਗੜ੍ਹ ਦੇ ਵਸਨੀਕ ਮੁਕੇਸ਼ ਕੁਮਾਰ ਜਾਨੀ ਚੱਕ, ਕੁਲਜੀਤ ਸੈਣੀ ਤਾਰਾਗੜ੍ਹ, ਜੱਟ ਦਰਸ਼ਨ ਸਿੰਘ, ਸੁਨੀਲ ਕੁਮਾਰ, ਪ੍ਰੇਮ ਕੁਮਾਰ, ਜਸਬੀਰ ਸਿੰਘ, ਸਰਬਜੀਤ ਸਿੰਘ, ਰਾਜ ਕੁਮਾਰ ਰਕਵਾਲ, ਸ਼ੇਰ ਸਿੰਘ, ਜੋਗਿੰਦਰ ਸਿੰਘ, ਨਿਆਮਤ ਮਸੀਹ, ਸਲਾਮਤ ਮਸੀਹ, ਸੋਹਨ ਲਾਲ, ਮਨਜੀਤ ਸਿੰਘ, ਮਦਨ ਗੋਪਾਲ, ਠਾਕੁਰ ਦੀਪਾ, ਨਰੇਸ਼ ਕੁਮਾਰ ਆਦਿ ਨੇ ਗੱਲਬਾਤ ਦੌਰਾਨ ਦੱਸਿਆ ਕਿ ਤਾਰਾਗੜ੍ਹ ਕਸਬੇ ਦੀਆਂ ਸੜਕਾਂ 'ਤੇ ਕੁਝ ਲੋਕਾਂ ਨੇ ਨਾਜਾਇਜ਼ ਰੇਹੜੀਆਂ, ਖੋਖੇ ਤੇ ਟੈਂਟ ਲਗਾ ਕੇ ਦੁਕਾਨਾਂ ਲਗਾਈਆਂ ਹੋਈਆਂ ਹਨ | ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਲੰਘਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਚੁੱਕਾ ਹੈ ਤੇ 24 ਘੰਟੇ ਇਸ ਰਸਤੇ 'ਚ ਹਾਦਸਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਇਸ ਸੜਕ ਤੋਂ ਲੰਘ ਕੇ ਸਕੂਲੀ ਵਿਦਿਆਰਥੀ ਲੜਕੇ ਤੇ ਲੜਕੀਆਂ ਸਕੂਲ, ਕਾਲਜ ਤੇ ਟਿਊਸ਼ਨ ਪੜ੍ਹਨ ਲਈ ਰੋਜ਼ਾਨਾ ਲੰਘਦੇ ਹਨ ਤੇ ਉਨ੍ਹਾਂ ਦੇ ਮਾਪਿਆਂ ਨੂੰ ਹਰ ਸਮੇਂ ਡਰ ਲੱਗਾ ਰਹਿੰਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਨਾਲ ਕੋਈ ਅਣਹੋਣੀ ਘਟਨਾ ਨਾ ਵਾਪਰ ਜਾਵੇ | ਉਨ੍ਹਾਂ ਦੱਸਿਆ ਕਿ ਸ਼ਾਮ ਵੇਲੇ ਇਸ ਸੜਕ ਤੋਂ ਲੰਘਣਾ ਹੋਰ ਵੀ ਜ਼ਿਆਦਾ ਔਖਾ ਹੋ ਜਾਂਦਾ ਹੈ ਤੇ ਬੱਚਿਆਂ ਤੇ ਬਜ਼ੁਰਗਾਂ ਦਾ ਸ਼ਾਮ ਵੇਲੇ ਬਾਹਰ ਨਿਕਲਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ, ਕਿਉਂਕਿ ਇਸ ਸੜਕ 'ਤੇ ਜ਼ਿਆਦਾ ਭੀੜ ਹੋਣ ਕਾਰਨ ਹਾਦਸਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ | ਸਥਾਨਕ ਲੋਕਾਂ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਨੂੰ ਇਸ ਬਾਰੇ ਸੂਚਿਤ ਕੀਤਾ ਹੈ ਤੇ ਜਲਦ ਹੀ ਇਨ੍ਹਾਂ ਰੇੜੀਆਂ ਤੇ ਖੋਖੇ, ਟੈਂਟ ਲੱਗੀਆਂ ਦੁਕਾਨਾਂ ਚੁਕਾਉਣ ਲਈ ਅਪੀਲ ਕੀਤੀ ਹੈ, ਤਾਂ ਜੋ ਭਵਿੱਖ 'ਚ ਕੋਈ ਵੀ ਘਟਨਾ ਤੋਂ ਬਚਿਆ ਜਾ ਸਕੇ | ਇਸ ਬਾਬਤ ਜਦ ਪਿੰਡ ਦੀ ਸਰਪੰਚ ਰੋਜ਼ੀ ਸੈਣੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਖੋਖੇ, ਰੇਹੜੀਆਂ ਤੇ ਟੈਂਟ ਨੁਮਾ ਦੁਕਾਨਾਂ ਲਗਾ ਕੇ ਬੈਠੇ ਲੋਕਾਂ ਨੂੰ ਪੰਚਾਇਤ ਵਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਕਿ ਉਹ ਲੋਕ ਜਲਦ ਹੀ ਆਪਣੀਆਂ ਨਾਜਾਇਜ਼ ਢੰਗ ਨਾਲ ਲਗਾਈਆਂ ਦੁਕਾਨਾਂ ਚੁੱਕ ਕੇ ਸੜਕ ਨੂੰ ਖਾਲੀ ਕਰ ਦਿੱਤਾ ਜਾਵੇ, ਨਹੀਂ ਤਾਂ ਪੰਚਾਇਤ ਵਲੋਂ ਸਖਤ ਰਵੱਈਆ ਅਪਣਾਇਆ ਜਾਵੇਗਾ ਤੇ ਪੰਚਾਇਤੀ ਮਹਿਕਮੇ ਦੇ ਨਿਯਮਾਂ ਅਨੁਸਾਰ ਇਨ੍ਹਾਂ ਖ਼ਿਲਾਫ਼ ਲੋੜੀਂਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ |