02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਅੱਪਰਬਾਰੀ ਦੁਆਬ ਨਹਿਰ ’ਚ ਅੱਡਾ ਪੁਲ ਸਠਿਆਲੀ ਕੋਲ ਪਿਆ ਪਾੜ

Ad Position 21
No active advertisement
ਅਜੀਤ ਡੈਸਕ 23-06-2026
ਕਾਹਨੂੰਵਾਨ/ਘੱਲੂਘਾਰਾ ਸਾਹਿਬ, 22 ਜੂਨ (ਨਿਸ਼ਾਨ ਸਿੰਘ ਚਾਹਲ, ਪਰਮ ਮਿਨਹਾਸ)-ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਥੇ ਰਾਜ ਦੀਆਂ ਨਹਿਰਾਂ ਅਤੇ ਰਜਬਾਹਿਆਂ ਨੂੰ ਪੱਕਿਆਂ ਕਰ ਕੇ ਪਾਣੀ ਟਾਈਲਾਂ ਤੱਕ ਪਹੁੰਚਾਉਣ ਦੇ ਦਾਅਵੇ ਕਰ ਰਹੀ ਹੈ, ਉਥੇ ਨਹਿਰੀ ਵਿਭਾਗ ਗੁਰਦਾਸਪੁਰ ਦੀ ਗਲਤੀ ਕਾਰਨ ਸੋਮਵਾਰ ਤੜਕਸਾਰ ਪੁਲ ਸਠਿਆਲੀ ਨੇੜੇ ਅੱਪਰਬਾਰੀ ਦੁਆਬ ਨਹਿਰ ’ਚ 40 ਫੁੱਟ ਤੋਂ ਵੱਧ ਪਾੜ ਪੈਣ ਕਾਰਨ ਨਹਿਰ ਦਾ ਪਾਣੀ ਨਹਿਰ ਨੇੜਲੇ ਘਰਾਂ, ਦੁਕਾਨਾਂ ਤੇ ਖੇਤਾਂ ਵਿਚ ਦਾਖਲ ਹੋਣ ਤੋਂ ਇਲਾਵਾ ਨਹਿਰ ਦਾ ਪਾਣੀ ਸ੍ਰੀ ਹਰਗੋਬਿੰਦਪੁਰ-ਗੁਰਦਾਸਪੁਰ ਮਾਰਗ ਨੂੰ ਪਾਰ ਕਰਦਾ ਹੋਇਆ ਨੇੜਲੇ ਪਿੰਡ ਭਿਖਾਰੀ ਹਾਰਨੀ ਤੇ ਸੈਦਪੁਰ ਹਾਰਨੀਆਂ ਦੇ ਕੁਝ ਘਰਾਂ ਅਤੇ ਖੇਤਾਂ ਵਿਚ ਵੀ ਪਾਣੀ ਦਾਖਲ ਹੋ ਗਿਆ। ਨਹਿਰੀ ਵਿਸ਼ਰਾਮ ਘਰ ਵਿਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਰਾਤ 3 ਵਜੇ ਦੇ ਕਰੀਬ ਉਨ੍ਹਾਂ ਦੇ ਕਮਰਿਆਂ ਵਿਚ ਪਾਣੀ ਦਾਖ਼ਲ ਹੋ ਗਿਆ ਤਾਂ ਅਸੀਂ ਇਸ ਬਾਰੇ ਨੇੜਲੇ ਘਰਾਂ ਦੇ ਲੋਕਾਂ ਨੂੰ ਜਾਣਕਾਰੀ, ਜਿਸ ਤੋਂ ਬਾਅਦ ਨੇੜਲੇ ਘਰਾਂ ਵਾਲਿਆਂ ਵਲੋਂ ਦੁਕਾਨਦਾਰਾਂ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਗਿਆ। ਨਹਿਰ ਟੁੱਟਣ ਬਾਰੇ ਪਤਾ ਲੱਗਣ ਤੋਂ ਬਾਅਦ ਨੇੜਲੇ ਪਿੰਡਾਂ ਦੇ ਵੱਡੀ ਗਿਣਤੀ ਵਿਚ ਲੋਕਾਂ ਦਾ ਸਠਿਆਲੀ ਪੁਲ ’ਤੇ ਤਾਤਾਂ ਲੱਗ ਗਿਆ, ਪਰ ਪੁਲ ਦੇ ਨੇੜਲੇ ਘਰਾਂ ਦੇ ਮਾਲਕਾਂ, ਦੁਕਾਨਦਾਰਾਂ ਤੇ ਕਿਸਾਨਾਂ ਲਈ ਨਹਿਰ ਦਾ ਇਹ ਪਾਣੀ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੈ। ਨਹਿਰੀ ਵਿਸ਼ਰਾਮ ਘਰ ਸਠਿਆਲੀ ਪੁਲ ਨੇੜੇ ਰਹਿੰਦੇ ਤਰਸੇਮ ਸਿੰਘ ਤੇ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ’ਚ ਪਾਣੀ ਦਾਖ਼ਲ ਹੋਣ ਨਾਲ ਖਾਣ ਲਈ ਰੱਖੀ ਹੋਈ ਕਣਕ ਤੇ ਹੋਰ ਸਾਮਾਨ ਪਾਣੀ ਵਿਚ ਡੁੱਬਣ ਕਾਰਨ ਖਰਾਬ ਹੋ ਗਿਆ ਹੈ। ਇਸ ਸਬੰਧੀ ਜਦੋਂ ਮੌਕੇ ’ਤੇ ਮੌਜੂਦ ਨਹਿਰੀ ਵਿਭਾਗ ਦੇ ਐਕਸੀਅਨ ਵਿਸ਼ਾਲ ਤੇ ਐਸ.ਡੀ.ਓ. ਕੁਲਦੀਪ ਸਿੰਘ ਦਾ ਪੱਖ ਜਾਨਣ ਲਈ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਕੋਲ ਗੱਲ ਕਰਨ ਲਈ ਸਮਾਂ ਨਹੀਂ ਹੈ, ਪਰ ਜਦੋਂ ਉਨ੍ਹਾਂ ਕਿਹਾ ਗਿਆ ਕਿ ਤੁਹਾਡੀਆਂ ਨਲਾਇਕੀਆਂ ਕਾਰਨ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਹੈ ਤਾਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਇਸ ਸਬੰਧੀ ਕੋਈ ਵੀ ਜਵਾਬ ਨਹੀਂ ਦਿੱਤਾ। ਹਾਲਾਂਕਿ ਨਹਿਰੀ ਵਿਭਾਗ ਵਲੋਂ ਪਾੜ ਨੂੰ ਬੰਦ ਕਰਨ ਲਈ ਪੋਕਲਾਈਨ ਮਸ਼ੀਨਾਂ ਦੀ ਸਹਾਇਤਾ ਦੇ ਨਾਲ ਮਿੱਟੀ ਪਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਸੀ, ਪਰ ਨਹਿਰ ਵਿਚ ਪਾਣੀ ਜਿਆਦਾ ਹੋਣ ਕਾਰਨ ਪਾੜ ਨੂੰ ਬੰਦ ਕਰਨਾ ਮੁਸ਼ਕਿਲ ਹੋ ਰਿਹਾ ਸੀ। ਪਿੰਡ ਭਿਖਾਰੀ ਹਾਰਨੀ ਅਤੇ ਨਹਿਰ ਨੇੜਲੇ ਖੇਤਾਂ ਦੇ ਮਾਲਕ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿਚਲੇ ਝੋਨੇ ਦੀ ਫਸਲ ਪੂਰੀ ਤਰ੍ਹਾਂ ਡੁੱਬ ਗਈ ਹੈ ਅਤੇ ਸਾਨੂੰ ਖਦਸ਼ਾ ਹੈ ਕਿ ਸਾਡੀ ਫਸਲ ਜਿਆਦਾ ਦਿਨਾਂ ਤੱਕ ਡੁੱਬੀ ਰਹਿਣ ਕਾਰਨ ਖਰਾਬ ਹੋ ਜਾਵੇਗੀ, ਜਦ ਕਿ ਉਨ੍ਹਾਂ ਦੇ ਕੋਲ ਫਿਰ ਤੋਂ ਫਸਲ ਨੂੰ ਬੀਜਣ ਲਈ ਹੋਰ ਪਨੀਰੀ ਨਹੀਂ ਹੈ।
Ad Position 22
No active advertisement
ਪਿਛਲੀ ਖ਼ਬਰ ਨਹਿਰ ਵਿਚ ਪਏ ਪਾੜ ਨੂੰ ਪੂਰਨ ਲਈ ਜਗਰੂਪ ਸਿੰਘ ਸੇਖਵਾਂ ਨੇ ਵਿਭਾਗ ਨੂੰ ਦਿੱਤੇ ਨਿਰਦੇਸ਼ ਅਗਲੀ ਖ਼ਬਰ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਦੀਆਂ ਹਨ - ਐਡਵੋਕੇਟ ਅਮਨਦੀਪ ਜੈਂਤੀਪੁਰ
Ad Position 24
No active advertisement