03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਸ਼੍ਰੋਮਣੀ ਅਕਾਲੀ ਦਲ (ਅ) ਗੁਰਦਾਸਪੁਰ ਵਲੋਂ ਅੰਤਰਰਾਸ਼ਟਰੀ ਗਤਕਾ ਦਿਹਾੜਾ ਉਤਸ਼ਾਹ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 23-06-2026
ਵਡਾਲਾ ਗ੍ਰੰਥੀਆਂ, 22 ਜੂਨ (ਗੁਰਪ੍ਰਤਾਪ ਸਿੰਘ ਕਾਹਲੋਂ)–ਸ਼੍ਰੋਮਣੀ ਅਕਾਲੀ ਦਲ (ਅ) ਗੁਰਦਾਸਪੁਰ ਦੀ ਜ਼ਿਲ੍ਹਾ ਜਥੇਬੰਦੀ ਵਲੋਂ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਪਵਾਰ ਦੀ ਅਗਵਾਈ ਹੇਠ 8ਵਾਂ ਅੰਤਰਰਾਸ਼ਟਰੀ ਗਤਕਾ ਦਿਹਾੜਾ ਗੁਰਦੁਆਰਾ ਸਾਹਿਬ ਪਿੰਡ ਮਨੋਹਰਪੁਰ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਬੜੀ ਸ਼ਰਧਾ, ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਬਾਬਾ ਦੀਪ ਸਿੰਘ ਗਤਕਾ ਅਖਾੜੇ ਸਮੇਤ ਵੱਖ-ਵੱਖ ਗਤਕਾ ਪਾਰਟੀਆਂ ਵੱਲੋਂ ਗਤਕੇ ਦੇ ਸ਼ਾਨਦਾਰ ਜੌਹਰ ਵਿਖਾਏ ਗਏ, ਜਿਨ੍ਹਾਂ ਨੂੰ ਸੰਗਤਾਂ ਵਲੋਂ ਭਾਰੀ ਸਰਾਹਨਾ ਮਿਲੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਪਵਾਰ ਨੇ ਕਿਹਾ ਕਿ ਸਿੱਖ ਕੌਮ ਨੂੰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੇ ਸਿਧਾਂਤ ਨਾਲ ਗਤਕੇ ਵਰਗੀ ਜੰਗਜੂ ਖੇਡ ਦੀ ਦਾਤ ਬਖ਼ਸ਼ੀ। ਉਨ੍ਹਾਂ ਕਿਹਾ ਕਿ ਗਤਕਾ ਕੇਵਲ ਇਕ ਖੇਡ ਹੀ ਨਹੀਂ, ਸਗੋਂ ਸਰੀਰਕ ਤੰਦਰੁਸਤੀ, ਮਾਨਸਿਕ ਚੁਸਤੀ, ਆਤਮ-ਵਿਸ਼ਵਾਸ ਤੇ ਸਵੈ-ਰੱਖਿਆ ਦਾ ਮਹੱਤਵਪੂਰਨ ਸਾਧਨ ਹੈ। ਗੁਰੂ ਕਾਲ ਦੌਰਾਨ ਵੀ ਸਿੰਘਾਂ ਨੂੰ ਹਰ ਵੇਲੇ ਜੰਗ ਲਈ ਤਿਆਰ-ਬਰ-ਤਿਆਰ ਰੱਖਣ ਲਈ ਗਤਕੇ ਦਾ ਵਿਸ਼ੇਸ਼ ਅਭਿਆਸ ਕਰਵਾਇਆ ਜਾਂਦਾ ਸੀ। ਉਨ੍ਹਾਂ ਕਿਹਾ ਕਿ 21 ਜੂਨ ਨੂੰ ਵਿਸ਼ਵ ਭਰ ਵਿਚ ਵੱਸਦੀ ਸਿੱਖ ਕੌਮ ਆਪਣੀ ਵਿਲੱਖਣ ਮਾਰਸ਼ਲ ਆਰਟ ਗਤਕੇ ਦਾ ਪ੍ਰਦਰਸ਼ਨ ਕਰ ਕੇ ਆਪਣੀ ਨਿਆਰੀ ਪਹਿਚਾਣ, ਸ਼ੌਰਿਆਮਈ ਇਤਿਹਾਸ ਤੇ ਯੋਧਾ ਪਰੰਪਰਾ ਨੂੰ ਉਜਾਗਰ ਕਰਦੀ ਹੈ। ਸਮਾਗਮ ਦੇ ਅੰਤ ’ਚ ਗੁਰਬਚਨ ਸਿੰਘ ਪਵਾਰ ਵਲੋਂ ਪਹੁੰਚੀਆਂ ਸ਼ਖ਼ਸੀਅਤਾਂ ਤੇ ਗਤਕਾ ਅਖਾੜਿਆਂ ਦੇ ਨੁਮਾਇੰਦਿਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀਬੀ ਕੁਲਵਿੰਦਰ ਕੌਰ ਤੁਗਲਵਾਲ, ਭਾਈ ਲਾਲ ਸਿੰਘ, ਬਾਬਾ ਸਤਨਾਮ ਸਿੰਘ ਕਾਲੀਆਂ, ਭਗਵਾਨ ਸਿੰਘ ਸੰਧੂ, ਅਵਤਾਰ ਸਿੰਘ ਮਨੋਹਰਪੁਰ, ਸੁਰਿੰਦਰ ਸਿੰਘ ਮਨੋਹਰਪੁਰ, ਹਰਪਾਲ ਸਿੰਘ ਮਨੋਹਰਪੁਰ, ਪਰਮਜੀਤ ਸਿੰਘ ਮਨੋਹਰਪੁਰ, ਧਨਰਾਜ ਸਿੰਘ ਵਡਾਲਾ ਗ੍ਰੰਥੀਆਂ, ਬੀਬੀ ਸਰਬਜੀਤ ਕੌਰ, ਬੀਬੀ ਗੁਰਮੀਤ ਕੌਰ ਪੰਜਗਰਾਈਆਂ, ਬਚਿੱਤਰ ਸਿੰਘ, ਬਲਜੀਤ ਸਿੰਘ ਅਮੀਪੁਰ, ਬਲਕਾਰ ਸਿੰਘ ਅਮੀਪੁਰ, ਗੁਰਭੇਜ ਸਿੰਘ ਅਮੀਪੁਰ, ਜਰਮਨਜੀਤ ਸਿੰਘ, ਬਾਬਾ ਕੁਲਬੀਰ ਸਿੰਘ, ਜਥੇਦਾਰ ਗੁਰਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਅਜੈ ਸਿੰਘ ਖ਼ਾਲਸਾ ਪਬਲਿਕ ਸਕੂਲ ਗੁਰਦਾਸ ਨੰਗਲ ’ਚ ਯੋਗ ਦਿਵਸ ਮਨਾਇਆ ਅਗਲੀ ਖ਼ਬਰ ਜ਼ਿਲ੍ਹੇ ਅੰਦਰ ਐੱਸ.ਆਈ.ਆਰ. ਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਬੀ.ਐਲ.ਓਜ਼ ਨੂੰ ਕਿੱਟਾਂ ਵੰਡੀਆਂ
Ad Position 24
No active advertisement