ਪਠਾਨਕੋਟ, 30 ਜੁਲਾਈ (ਸੰਧੂ)-ਇੰਸਪੈਕਟਰ ਫੂਡ ਸਪਲਾਈ ਯੂਨੀਅਨ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਪਠਾਨਕੋਟ ਦੇ ਫੂਡ ਸਪਲਾਈ ਇੰਸਪੈਕਟਰ ਸਟਾਫ ਦੀ ਯੂਨੀਅਨ ਦਾ ਸਰਬਸੰਮਤੀ ਨਾਲ ਪੁਨਰਗਠਨ ਕੀਤਾ ਗਿਆ । ਇਸ ਮੌਕੇ ਹੋਈ ਮੀਟਿੰਗ ਦੌਰਾਨ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ । ਚੋਣ ਪ੍ਰਕਿਰਿਆ ਦੌਰਾਨ ਇੰਸਪੈਕਟਰ ਤਰੁਣ ਗੁਪਤਾ ਨੂੰ ਪ੍ਰਧਾਨ, ਇੰਸਪੈਕਟਰ ਅਮਿਤ ਕੁਮਾਰ ਨੂੰ ਜਨਰਲ ਸਕੱਤਰ, ਇੰਸਪੈਕਟਰ ਕੁਲਦੀਪ ਸਿੰਘ ਨੂੰ ਉਪ ਪ੍ਰਧਾਨ, ਇੰਸਪੈਕਟਰ ਪੁਨੀਤ ਜੇਤਲੀ ਨੂੰ ਸਕੱਤਰ ਤੇ ਇੰਸਪੈਕਟਰ ਦੀਪਕ ਜੋਸ਼ੀ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ। ਨਵ-ਨਿਯੁਕਤ ਅਹੁਦੇਦਾਰਾਂ ਦਾ ਸਾਥੀਆਂ ਵਲੋਂ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ । ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਤਰੁਣ ਗੁਪਤਾ ਤੇ ਜਨਰਲ ਸਕੱਤਰ ਅਮਿਤ ਕੁਮਾਰ ਨੇ ਉੱਚ ਲੀਡਰਸ਼ਿਪ ਅਤੇ ਸਮੂਹ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਨਿਸ਼ਠਾ, ਇਮਾਨਦਾਰੀ ਤੇ ਸਮਰਪਣ ਨਾਲ ਨਿਭਾਉਣਗੇ । ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ, ਸਮੱਸਿਆਵਾਂ ਤੇ ਹੱਕਾਂ ਦੀ ਰੱਖਿਆ ਲਈ ਯੂਨੀਅਨ ਹਮੇਸ਼ਾ ਮੋਹਰੀ ਭੂਮਿਕਾ ਨਿਭਾਏਗੀ ਅਤੇ ਵਿਭਾਗੀ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਂਦੇ ਹੋਏ ਕਰਮਚਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ । ਇਸ ਮੌਕੇ ਇੰਸਪੈਕਟਰ ਜੀਵਨ ਚੰਦ, ਵਿਸ਼ਾਲ, ਅਸ਼ੋਕ ਕੁਮਾਰ, ਨਿਰਮਲ ਸਿੰਘ, ਅੰਕੁਸ਼ ਸਲਾਰੀਆ, ਲੱਕੀ ਕੁਮਾਰੀ, ਤੇਜਸਵਨੀ ਕਬੋਤਰਾ, ਅੰਮ੍ਰਿਤਪਾਲ ਸਿੰਘ, ਮਨੋਜ ਗੁਪਤਾ, ਰਵਿੰਦਰ ਕੁਮਾਰ ਅਤੇ ਸੁਰਜੀਤ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ ।