ਅਮਰੀਕਾ ਵਸਦੇ ਲੇਖਕ ਧਰਮ ਸਿੰਘ ਗੋਰਾਇਆ ਦੀ ਪੁਸਤਕ ‘ ਰਾਵੀ ਮੇਰੇ ਆਰ ਪਾਰ ’ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਲੋਕ ਅਰਪਣ
ਬਟਾਲਾ, 22 ਸਤੰਬਰ (ਸਤਿੰਦਰ ਸਿੰਘ)-ਗੁਰੂ ਨਾਨਕ ਕਾਲਜ ਬਟਾਲਾ ਵਲੋਂ ਮੈਰੀਲੈਂਡ (ਅਮਰੀਕਾ) ਵਾਸੀ ਲੇਖਕ ਸ: ਧਰਮ ਸਿੰਘ ਗੋਰਾਇਆ ਦੀ ਨਵੀਂ ਵਾਰਤਕ ਪੁਸਤਕ ‘ਰਾਵੀ ਮੇਰੇ ਆਰ ਪਾਰ’ ਪ੍ਰਿੰਸੀਪਲ ਡਾ. ਚਰਨਜੀਤ ਸਿੰਘ ਸੰਧੂ ਸਮੇਤ ਵਿਭਾਗ ਦੇ ਅਧਿਆਪਕਾਂ, ਸਾਹਿਤਕਾਰਾਂ ਤੇ ਵਿਦਿਆਰਥੀਆਂ ਵਲੋਂ ਸਾਂਝੇ ਤੌਰ ’ਤ ਲੋਕ ਅਰਪਣ ਕੀਤੀ ਗਈ।
ਬਟਾਲਾ, 22 ਸਤੰਬਰ (ਸਤਿੰਦਰ ਸਿੰਘ)-ਗੁਰੂ ਨਾਨਕ ਕਾਲਜ ਬਟਾਲਾ ਵਲੋਂ ਮੈਰੀਲੈਂਡ (ਅਮਰੀਕਾ) ਵਾਸੀ ਲੇਖਕ ਸ: ਧਰਮ ਸਿੰਘ ਗੋਰਾਇਆ ਦੀ ਨਵੀਂ ਵਾਰਤਕ ਪੁਸਤਕ ‘ਰਾਵੀ ਮੇਰੇ ਆਰ ਪਾਰ’ ਪ੍ਰਿੰਸੀਪਲ ਡਾ. ਚਰਨਜੀਤ ਸਿੰਘ ਸੰਧੂ ਸਮੇਤ ਵਿਭਾਗ ਦੇ ਅਧਿਆਪਕਾਂ, ਸਾਹਿਤਕਾਰਾਂ ਤੇ ਵਿਦਿਆਰਥੀਆਂ ਵਲੋਂ ਸਾਂਝੇ ਤੌਰ ’ਤ ਲੋਕ ਅਰਪਣ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਡਾ. ਚਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਰਾਵੀ ਦਰਿਆ ਦੇ ਕੰਢੇ ਵੱਸਦੇ ਪਿੰਡ ਰਣਸ਼ੀਂਹ ਕੇ ਮੀਰਾ ਦੇ ਜੰਮਪਲ ਸ: ਧਰਮ ਸਿੰਘ ਗੋਰਾਇਆ ਨੇ ਗੁਰਦਾਸਪੁਰ ਤੋਂ ਗਰੈਜੂਏਸ਼ਨ ਕਰਨ ਉਪਰੰਤ ਆਪਣੇ ਵੱਡੇ ਵੀਰ ਤੇ ਲੋਕ-ਪੱਖੀ ਅਰਥ ਸ਼ਾਸਤਰੀ ਡਾ. ਨਿਰਮਲ ਸਿੰਘ ਆਜ਼ਾਦ ਦੀ ਪ੍ਰੇਰਨਾ ਨਾਲ ਪੰਜਾਬੀ ਯੂਨੀਵਰਸਿਟੀ ਤੋਂ ਪੋਸਟ-ਗਰੈਜੂਏਸ਼ਨ ਕੀਤੀ ਤੇ ਖੋਜੀ ਵਾਰਤਕ ਸਿਰਜਣਾ ਦਾ ਮਾਰਗ ਚੁਣਿਆ। ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਬੀਰ ਸਿੰਘ ਬਰਾੜ ਨੇ ਕਿਹਾ ਕਿ ਰਾਵੀ ਦਰਿਆ ਦੇ ਦੋਹੀਂ ਪਾਸੀਂ ਵੱਸਦੇ ਸੂਰਬੀਰਾਂ, ਲਿਖਾਰੀਆਂ, ਖਿਡਾਰੀਆਂ ਤੇ ਦੇਸ਼-ਭਗਤਾਂ ਬਾਰੇ ਸ: ਗੋਰਾਇਆ ਵਲੋਂ ਕੀਤੇ ਜੀਵੰਤ ਵੇਰਵੇ ਪਾਠਕਾਂ ਨੂੰ ਇਸ ਧਰਤੀ ਦੇ ਇਤਿਹਾਸ ਤੇ ਲੋਕ-ਜੀਵਨ ਨੂੰ ਸਮਝਣ ਲਈ ਨਵੀਂ ਦ੍ਰਿਸ਼ਟੀ ਪ੍ਰਦਾਨ ਕਰਦੇ ਹਨ। ਡਾ. ਹਰਮੀਤ ਕੌਰ ਨੇ ਕਿਹਾ ਕਿ ਸ: ਗੋਰਾਇਆ ਇਸ ਤੋਂ ਪਹਿਲਾਂ ‘ਬੁਲੰਦ ਹਵੇਲੀ’, ‘ਗੁਰੀਲਾ ਯੁੱਧ ਕਲਾ ਦੇ ਮੋਢੀ ਚੀ ਗੁਏਰਾ’, ‘ਅਣਖ਼ੀਲਾ ਧਰਤੀ ਪੁੱਤਰ: ਦੁੱਲਾ ਭੱਟੀ’, ‘ਰਾਵੀ ਦਾ ਰਾਠ: ਰਾਏ ਅਹਿਮਦ ਖਾਂ ਖਰਲ’, ‘ਜੱਗਾ ਸੂਰਮਾ’, ‘ਲੋਹ ਪੁਰਖ ਮਰਜੀਵੜਾ: ਤੇਜਾ ਸਿੰਘ ਸੁਤੰਤਰ’ ਅਤੇ ਸਵੈ-ਜੀਵਨੀ ਮੂਲਕ ਰਚਨਾ ‘ਕਰਮਾ’ ਰਾਹੀਂ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਡਾ. ਪਰਮਜੀਤ ਸਿੰਘ ਕਲਸੀ ਨੇ ਕਿਹਾ ਕਿ ਇਤਿਹਾਸਕ ਪ੍ਰਸੰਗਾਂ ਨੂੰ ਸਿਰਜਣਾਤਮਕ ਵਾਰਤਕ ’ਚ ਢਾਲਣ ਦੀ ਕਲਾ ’ਚ ਸ: ਗੋਰਾਇਆ ਨੇ ਨਿਵੇਕਲੀ ਮੁਹਾਰਤ ਹਾਸਲ ਕੀਤੀ ਹੈ। ਡਾ. ਗੁਰਵੰਤ ਸਿੰਘ ਨੇ ਕਿਹਾ ਕਿ ਸ: ਧਰਮ ਸਿੰਘ ਗੋਰਾਇਆ ਪੰਜ ਦਰਿਆਵਾਂ ਦੇ ਪੁੱਤਰਾਂ ਦੀ ਗਾਥਾ ਕਹਿੰਦਿਆਂ ਹੁਣ ਰਾਵੀ ਦੀ ਜੂਹ ਨੂੰ ਅੰਦਰੋਂ-ਬਾਹਰੋਂ ਫੋਲ ਕੇ ਇਹ ਮੁੱਲਵਾਨ ਕਿਰਤ ਪਾਠਕਾਂ ਸਾਹਮਣੇ ਲਿਆਏ ਹਨ। ਇਸ ਮੌਕੇ ਪ੍ਰੋ. ਸਹਿਬਾਜਦੀਪ ਸਿੰਘ ਅਤੇ ਪ੍ਰੋ. ਨਵਦੀਪ ਕੌਰ ਨੇ ਵੀ ਪੁਸਤਕ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ। ਪੁਸਤਕ ਦੇ ਲੇਖਕ ਸ: ਧਰਮ ਸਿੰਘ ਗੋਰਾਇਆ ਨੇ ਆਪਣੀ ਪੁਸਤਕ ਅਤੇ ਆਪਣੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਰਾਵੀ ਦਰਿਆ ਅਤੇ ਇਸ ਦੇ ਚੌਗਿਰਦੇ ਨਾਲ ਉਨ੍ਹਾਂ ਦਾ ਰਿਸ਼ਤਾ ਬਹੁਤ ਡੂੰਘਾ ਅਤੇ ਭਾਵਨਾਤਮਕ ਹੈ। ਇਸ ਮੌਕੇ ਡਾ. ਮਨਦੀਪ ਕੌਰ, ਪ੍ਰੋ. ਗੁਰਦੀਪ ਕੌਰ, ਪ੍ਰੋ. ਰਾਜਬੀਰ ਕੌਰ, ਪ੍ਰੋ. ਸਹਿਬਾਜਦੀਪ ਸਿੰਘ, ਪ੍ਰੋ. ਕੰਵਲਜੀਤ ਕੌਰ, ਪ੍ਰੋ. ਨਵਦੀਪ ਕੌਰ, ਪ੍ਰੋ. ਮਨਮੀਤ ਕੌਰ, ਪ੍ਰੋ. ਮਨਪ੍ਰੀਤ ਸਿੰਘ ਤੋਂ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।