ਪੀ.ਏ.ਯੂ ਕਿਸਾਨ ਮੇਲੇ ’ਚ ਗੁਰਦਾਸਪੁਰ ਦੇ ਅਗਾਂਹਵਧੂ ਕਿਸਾਨ ਹਰਪ੍ਰੀਤ ਸਿੰਘ ਬਾਹੀਆਂ ਦਾ ਡੰਕਾ
ਗੁਰਦਾਸਪੁਰ, 22 ਸਤੰਬਰ (ਗੁਰਪ੍ਰਤਾਪ ਸਿੰਘ)-ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਾਹੀਆਂ ਦੇ ਅਗਾਂਹਵਧੂ ਕਿਸਾਨ ਹਰਪ੍ਰੀਤ ਸਿੰਘ ਬਾਹੀਆਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਲੋਂ ਆਯੋਜਿਤ ਕੀਤੇ ਰਾਜ ਪੱਧਰੀ ਕਿਸਾਨ ਮੇਲੇ ਦੌਰਾਨ ਭਿੰਡੀ ਉਤਪਾਦਨ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਕੇ ਪੂਰੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਵਲੋਂ ਪੈਦਾ ਕੀਤੀ ਭਿੰਡੀ ਦੀ ਉੱਤਮ ਗੁਣਵੱਤਾ, ਬਹਿਤਰੀਨ ਝਾੜ ਤੇ ਵਿਗਿਆਨਕ ਢੰਗ ਨਾਲ ਕੀਤੀ ਸਬਜ਼ੀਆਂ ਦੀ ਕਾਸ਼ਤ ਨੇ ਮੇਲੇ ਦੌਰਾਨ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।
ਗੁਰਦਾਸਪੁਰ, 22 ਸਤੰਬਰ (ਗੁਰਪ੍ਰਤਾਪ ਸਿੰਘ)-ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਾਹੀਆਂ ਦੇ ਅਗਾਂਹਵਧੂ ਕਿਸਾਨ ਹਰਪ੍ਰੀਤ ਸਿੰਘ ਬਾਹੀਆਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਲੋਂ ਆਯੋਜਿਤ ਕੀਤੇ ਰਾਜ ਪੱਧਰੀ ਕਿਸਾਨ ਮੇਲੇ ਦੌਰਾਨ ਭਿੰਡੀ ਉਤਪਾਦਨ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਕੇ ਪੂਰੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਵਲੋਂ ਪੈਦਾ ਕੀਤੀ ਭਿੰਡੀ ਦੀ ਉੱਤਮ ਗੁਣਵੱਤਾ, ਬਹਿਤਰੀਨ ਝਾੜ ਤੇ ਵਿਗਿਆਨਕ ਢੰਗ ਨਾਲ ਕੀਤੀ ਸਬਜ਼ੀਆਂ ਦੀ ਕਾਸ਼ਤ ਨੇ ਮੇਲੇ ਦੌਰਾਨ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਹਰਪ੍ਰੀਤ ਸਿੰਘ ਬਾਹੀਆਂ ਨੇ ਆਪਣੀ ਇਸ ਪ੍ਰਾਪਤੀ ਦਾ ਰਾਜ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਪੀ.ਏ.ਯੂ ਵਲੋਂ ਪ੍ਰਮਾਣਿਤ ਕਿਸਮਾਂ ਤੇ ਆਧੁਨਿਕ ਤਕਨੀਕਾਂ ਨੂੰ ਹੀ ਅਪਣਾਇਆ ਹੈ। ਖੇਤ ਦੀ ਯੋਗ ਤਿਆਰੀ, ਨਿਯਮਤ ਨਿਗਰਾਨੀ, ਬਿਜਾਈ ਦੇ ਢੁਕਵੇਂ ਸਮੇਂ, ਸੰਤੁਲਿਤ ਖਾਦਾਂ ਦੀ ਵਰਤੋਂ ਅਤੇ ਕੀਟ-ਰੋਗਾਂ ਦੀ ਸਮੇਂ ਸਿਰ ਰੋਕਥਾਮ ਵਰਗੇ ਵਿਗਿਆਨਕ ਤਰੀਕਿਆਂ ਦੀ ਬਦੌਲਤ ਹੀ ਉਨ੍ਹਾਂ ਨੂੰ ਉੱਚ ਗੁਣਵੱਤਾ ਵਾਲੀ ਫ਼ਸਲ ਪ੍ਰਾਪਤ ਹੋਈ ਹੈ, ਜਿਸ ਦੀ ਬਾਜ਼ਾਰ ਵਿਚ ਵੀ ਭਾਰੀ ਮੰਗ ਹੈ। ਇਸ ਸ਼ਾਨਦਾਰ ਪ੍ਰਾਪਤੀ ’ਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਗੁਰਦਾਸਪੁਰ ਨੇ ਹਰਪ੍ਰੀਤ ਸਿੰਘ ਬਾਹੀਆਂ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ। ਇਸ ਦੇ ਨਾਲ ਹੀ ਕਿਸਾਨ ਹਰਪ੍ਰੀਤ ਸਿੰਘ ਨੇ ਰਿਜਨਲ ਸਟੇਸ਼ਨ ਅਤੇ ਕੇ.ਵੀ.ਕੇ ਗੁਰਦਾਸਪੁਰ ਦੇ ਵਿਗਿਆਨੀਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਸਮੇਂ-ਸਮੇਂ ’ਤੇ ਮਿਲੀ ਤਕਨੀਕੀ ਰਹਿਨੁਮਾਈ, ਪੋਸ਼ਕ ਤੱਤ ਪ੍ਰਬੰਧਨ ਅਤੇ ਸਿੰਚਾਈ ਸਬੰਧੀ ਦਿੱਤੀਆਂ ਸਲਾਹਾਂ ਇਸ ਸਫਲਤਾ ਦਾ ਮੁੱਖ ਆਧਾਰ ਬਣੀਆਂ ਹਨ। ਇਹ ਪ੍ਰਾਪਤੀ ਇਲਾਕੇ ਦੇ ਹੋਰਨਾਂ ਕਿਸਾਨਾਂ ਲਈ ਵੀ ਪ੍ਰੇਰਣਾ ਸਰੋਤ ਹੈ ਜੋ ਪਰੰਪਰਾਗਤ ਖੇਤੀ ਛੱਡ ਕੇ ਵਿਗਿਆਨਿਕ ਅਤੇ ਗੁਣਵੱਤਾ-ਕੇਂਦਰਿਤ ਸਬਜ਼ੀਆਂ ਦੀ ਕਾਸ਼ਤ ਵੱਲ ਵਧਣ ਦਾ ਸੰਦੇਸ਼ ਦਿੰਦੀ ਹੈ।