ਫ਼ਾਜ਼ਿਲਕਾ, 6 ਜਨਵਰੀ (ਦਵਿੰਦਰ ਪਾਲ ਸਿੰਘ)-ਮੁੱਖ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਮੈਡਮ ਹਰਪ੍ਰੀਤ ਪਾਲ ਕੌਰ ਨੇ ਖਾਦਾਂ ਦੀ ਟੈਗਿੰਗ, ਸਟਾਕਿੰਗ ਤੇ ਪੋਸ਼ ਮਸ਼ੀਨਾਂ ਦੇ ਸੰਬੰਧ 'ਚ ਖਾਦ ਵਿਕੇ੍ਰਤਾਵਾਂ (ਹੋਲਸੇਲਰਾਂ) ਨਾਲ ਮੀਟਿੰਗ ਕੀਤੀ | ਇਸ ਦੌਰਾਨ ਉਨ੍ਹਾਂ ਹਦਾਇਤ ਕੀਤੀ ਕਿ ਕਿਸੇ ਵੀ ਤਰ੍ਹਾਂ ਨਾਲ ਖਾਦਾਂ ਦੀ ਕਾਲਾ-ਬਾਜ਼ਾਰੀ ਨਾ ਕੀਤੀ ਜਾਵੇ ਤੇ ਨਿਰਧਾਰਿਤ ਰੇਟ ਤੋਂ ਵੱਧ ਰੇਟਾਂ ਦੀ ਮੰਗ ਨਾ ਕੀਤੀ ਜਾਵੇ | ਬੈਠਕ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਨੇ ਹਦਾਇਤ ਕਰਦਿਆਂ ਕਿਹਾ ਕਿ ਯੂਰੀਆ ਖਾਦ ਨਾਲ ਕਿਸੇ ਵੀ ਤਰ੍ਹਾਂ ਦੀ ਟੈਗਿੰਗ ਨਾ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਖਾਦਾਂ ਦੀ ਵੰਡ ਇਸ ਤਰ੍ਹਾਂ ਯਕੀਨੀ ਬਣਾਈ ਜਾਵੇ ਕਿ ਹਰੇਕ ਛੋਟੇ ਵੱਡੇ ਕਿਸਾਨ ਨੂੰ ਲੋੜ ਅਨੁਸਾਰ ਖਾਦ ਮੁਹੱਈਆ ਹੋ ਸਕੇ | ਉਨ੍ਹਾਂ ਡੀਲਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪ੍ਰਤੀ ਕਿਸਾਨ ਨੂੰ 10 ਤੋਂ ਵੱਧ ਬੈਗ ਖਾਦ ਦੇ ਨਾ ਦਿੱਤੇ ਜਾਣ ਤਾਂ ਜੋ ਹੋਰਨਾਂ ਕਿਸਾਨਾਂ ਨੂੰ ਖਾਦ ਦੀ ਕਿੱਲਤ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲੋੜੀਂਦੀਆਂ ਖਾਦਾਂ ਦੀ ਵਿਕਰੀ ਹੀ ਕੀਤੀ ਜਾਵੇ, ਬੇਲੋੜੀਆਂ ਵਸਤਾਂ ਨਾ ਦਿੱਤੀਆਂ ਜਾਣ | ਉਨ੍ਹਾਂ ਕਿਹਾ ਕਿ ਖਾਦ ਵਿਕਰੇਤਾ ਸਟਾਕ ਰਜਿਸਟਰ, ਲਾਇਸੰਸ, ਰਿਕਾਰਡ ਤੇ ਹੋਰ ਜ਼ਰੂਰੀ ਦਸਤਾਵੇਜ਼ ਮੁਕੰਮਲ ਰੱਖਣਾ ਲਾਜ਼ਮੀ ਬਣਾਉਣ |