ਫ਼ਾਜ਼ਿਲਕਾ, 1 ਫਰਵਰੀ (ਦਵਿੰਦਰ ਪਾਲ ਸਿੰਘ)-ਵਧੀਕ ਡਿਪਟੀ ਕਮਿਸ਼ਨਰ (ਜਨ.) ਡਾ. ਮਨਦੀਪ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਵਿਜੀਲੈਂਸ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਦਾ ਮੁੱਖ ਉਦੇਸ਼ ਖੇਤੀਬਾੜੀ ਗ੍ਰੇਡ ਯੂਰੀਆ ਦੀ ਉਦਯੋਗਿਕ ਖੇਤਰ ਵੱਲ ਗੈਰ ਕਾਨੂੰਨੀ ਡਾਇਵਰਜ਼ਨ ਨੂੰ ਰੋਕਣਾ ਸੀ | ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਹਰਪ੍ਰੀਤ ਪਾਲ ਕੌਰ ਸਮੇਤ ਕਮੇਟੀ ਦੇ ਹੋਰ ਮੈਂਬਰ ਤੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ | ਵਧੀਕ ਡਿਪਟੀ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਪੱਸ਼ਟ ਕੀਤਾ ਕਿ ਖੇਤੀਬਾੜੀ ਗ੍ਰੇਡ ਯੂਰੀਆ ਸਿਰਫ਼ ਕਿਸਾਨਾਂ ਦੀ ਵਰਤੋਂ ਲਈ ਹੈ ਤੇ ਇਸ ਦੀ ਉਦਯੋਗਿਕ ਵਰਤੋਂ ਵੱਲ ਡਾਇਵਰਜ਼ਨ ਕਰਨਾ ਸਰਕਾਰੀ ਨਿਯਮਾਂ ਦੀ ਗੰਭੀਰ ਉਲੰਘਣਾ ਹੈ | ਉਨ੍ਹਾਂ ਸਾਰੇ ਸੰਬੰਧਿਤ ਵਿਭਾਗਾਂ ਨੂੰ ਯੂਰੀਆ ਦੀ ਸਟੋਰੇਜ, ਆਵਾਜਾਈ ਤੇ ਵਿਕਰੀ 'ਤੇ ਸਖ਼ਤ ਨਿਗਰਾਨੀ ਰੱਖਣ ਅਤੇ ਨਿਯਮਿਤ ਜਾਂਚਾਂ ਕਰਨ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੀਆਂ ਸਾਂਝੀਆਂ ਜਾਂਚ ਟੀਮਾਂ ਵਲੋਂ ਨਿਰੀਖਣ ਹੋਰ ਤੇਜ਼ ਕੀਤੇ ਜਾਣ ਤੇ ਕਿਸੇ ਵੀ ਦੋਸ਼ੀ ਵਿਅਕਤੀ ਜਾਂ ਏਜੰਸੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ | ਉਨ੍ਹਾਂ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਦੇ ਹਿਤਾਂ ਦੀ ਰੱਖਿਆ ਕਰਦਿਆਂ ਖੇਤੀਬਾੜੀ ਗ੍ਰੇਡ ਯੂਰੀਆ ਦੀ ਪਾਰਦਰਸ਼ੀ ਤੇ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ | ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਹਰਪ੍ਰੀਤ ਪਾਲ ਕੌਰ ਨੇ ਜ਼ਿਲ੍ਹੇ 'ਚ ਯੂਰੀਆ ਦੀ ਉਪਲਬਧਤਾ ਅਤੇ ਵੰਡ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਵਿਭਾਗਾਂ ਵਿਚਕਾਰ ਤਾਲਮੇਲ ਨਾਲ ਹੀ ਗ਼ੈਰ-ਕਾਨੂੰਨੀ ਡਾਇਵਰਜ਼ਨ 'ਤੇ ਅੰਕੁਸ਼ ਲਗਾਇਆ ਜਾ ਸਕਦਾ ਹੈ | ਉਨ੍ਹਾਂ ਅਚਾਨਕ ਜਾਂਚਾਂ, ਸਟਾਕ ਰਜਿਸਟਰਾਂ ਦੀ ਜਾਂਚ ਤੇ ਸਮੇਂ-ਸਿਰ ਰਿਪੋਰਟਿੰਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ |