ਅਬੋਹਰ, 25 ਫਰਵਰੀ(ਵਿਵੇਕ ਹੂੜੀਆ)-ਅਧਿਆਪਨ ਅਤੇ ਸਿੱਖਿਆ ਦੇ ਖੇਤਰ ਵਿਚ ਮੋਹਰੀ ਸੰਸਥਾ ਡੀ.ਏ.ਵੀ. ਸਿੱਖਿਆ ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਖੇ 'ਗਰੀਨ ਪੈਡਾਗੋਜੀ' ਵਿਸ਼ੇ 'ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ | ਪੰਜਾਬ ਯੂਨੀਵਰਸਿਟੀ ਦੀ ਕਾਲਜ ਡਿਵੈਲਪਮੈਂਟ ਕੌਂਸਲ ਵਲੋਂ ਸਪਾਂਸਰ ਇਹ ਸੈਮੀਨਾਰ ਕਾਰਜਕਾਰੀ ਪਿ੍ੰਸੀਪਲ ਡਾ.ਵਿਜੇ ਗਰੋਵਰ ਦੀ ਸਰਪ੍ਰਸਤੀ, ਕਨਵੀਨਰ ਡਾ.ਹਰਪ੍ਰੀਤ ਕੌਰ ਅਤੇ ਆਰਗੇਨਾਈਜ਼ਿੰਗ ਸੈਕਟਰੀ ਡਾ.ਗੁਰਦੀਪ ਕੌਰ ਦੀ ਅਗਵਾਈ ਹੇਠ ਸੰਪੰਨ ਹੋਇਆ | ਸੈਮੀਨਾਰ ਵਿਚ ਮੁੱਖ ਬੁਲਾਰੇ ਵਜੋਂ ਪਹੁੰਚੇ ਪ੍ਰੋ. ਸਤਵਿੰਦਰਪਾਲ ਕੌਰ (ਸਿੱਖਿਆ ਵਿਭਾਗ, ਚੰਡੀਗੜ੍ਹ) ਨੇ ਕਿਹਾ ਕਿ ਅਜੋਕੇ ਸਮੇਂ ਵਿਚ ਸਿਰਫ਼ ਕਿਤਾਬੀ ਗਿਆਨ ਕਾਫ਼ੀ ਨਹੀਂ ਹੈ ਸਗੋਂ ਵਿਦਿਆਰਥੀਆਂ ਵਿਚ ਕੁਦਰਤ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਕਰਨਾ ਸਮੇਂ ਦੀ ਮੁੱਖ ਲੋੜ ਹੈ | ਉਨ੍ਹਾਂ ਨੇ 'ਗਰੀਨ ਕਲਾਸ-ਰੂਮ' ਦਾ ਸੰਕਲਪ ਪੇਸ਼ ਕਰਦਿਆਂ ਰੁੱਖ ਲਗਾਉਣ, ਜਲ ਸੰਭਾਲ ਅਤੇ ਜੈਵਿਕ ਜੀਵਨ ਸ਼ੈਲੀ ਨੂੰ ਪਾਠਕ੍ਰਮ ਦਾ ਹਿੱਸਾ ਬਣਾਉਣ 'ਤੇ ਜ਼ੋਰ ਦਿੱਤਾ | ਮੁੱਖ ਰਿਸੋਰਸ ਪਰਸਨ ਡਾ. ਮਨਦੀਪ ਸਿੰਘ ਡਿਪਟੀ ਡਾਇਰੈਕਟਰ, ਪਸ਼ੂ ਪਾਲਨ ਵਿਭਾਗ ਅਤੇ ਕਾਲੂ ਰਾਮ ਪੰਜਾਵਾ ਨੇ ਵਾਤਾਵਰਨ ਸੰਭਾਲ ਅਤੇ ਸਥਿਰ ਵਿਕਾਸ ਦੇ ਵਿਵਹਾਰਿਕ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਸੈਮੀਨਾਰ ਦੌਰਾਨ ਵੱਖ-ਵੱਖ ਸੰਸਥਾਵਾਂ ਤੋਂ ਆਏ ਡੈਲੀਗੇਟਾਂ ਨੇ ਆਨਲਾਈਨ ਅਤੇ ਆਫਲਾਈਨ ਮਾਧਿਅਮ ਰਾਹੀਂ ਆਪਣੇ ਖੋਜ-ਪੱਤਰ ਪੇਸ਼ ਕੀਤੇ | ਇਸ ਮੌਕੇ ਪੀ.ਐੱਚ.ਡੀ.ਦੀ ਡਿਗਰੀ ਹਾਸਲ ਕਰਨ 'ਤੇ ਡਾ. ਅਜੇ ਖੋਸਲਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਸਭ ਤੋਂ ਵਧੀਆ ਤਿੰਨ ਖੋਜ-ਪੱਤਰਾਂ ਨੂੰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਦਿੱਤਾ ਗਿਆ | ਮੰਚ ਸੰਚਾਲਨ ਮੈਡਮ ਰਾਜ ਅਰੋੜਾ ਅਤੇ ਸੁਨੀਲ ਓਝਾ ਵਲੋਂ ਬਾਖ਼ੂਬੀ ਕੀਤਾ ਗਿਆ | ਆਰਗੇਨਾਈਜ਼ਿੰਗ ਕਮੇਟੀ ਵਿਚ ਡਾ. ਰੀਮਾ ਪਾਹੁਜਾ, ਸੁਰੇਸ਼ ਮੱਕੜ, ਡਾ. ਚਰਨ ਸਿੰਘ, ਮੈਡਮ ਗਗਨਦੀਪ ਕੌਰ ਅਤੇ ਮੈਡਮ ਪਰਲ ਨਾਰੰਗ ਨੇ ਅਹਿਮ ਭੂਮਿਕਾ ਨਿਭਾਈ | ਅੰਤ ਵਿਚ ਰਾਸ਼ਟਰੀ ਗੀਤ ਨਾਲ ਸੈਮੀਨਾਰ ਦੀ ਸਮਾਪਤੀ ਹੋਈ |