ਬੱਲੂਆਣਾ, 25 ਫਰਵਰੀ (ਜਸਮੇਲ ਸਿੰਘ ਢਿੱਲੋਂ)-ਹਲਕਾ ਬੱਲੂਆਣਾ ਦੇ ਐਜੂਕੇਸ਼ਨ ਕੋਆਰਡੀਨੇਟਰ ਦਵਿੰਦਰ ਸਿੰਘ ਧਾਲੀਵਾਲ ਨੇ ਹਲਕੇ ਦੇ ਵੱਖ-ਵੱਖ ਸਕੂਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਖੇੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੰਗਰ ਖੇੜਾ, ਘੱਲੂ ਸਕੂਲ, ਕਟੈਹੜਾ ਸਕੂਲ ਅਤੇ ਬਜੀਦਪੁਰ ਕੱਟਿਆਂਵਾਲੀ ਸਕੂਲਾਂ ਦਾ ਦੌਰਾ ਕੀਤਾ | ਉਨ੍ਹਾਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਸਕੂਲਾਂ ਵਿਚ ਉਹ ਚੀਜ਼ਾਂ ਨੋਟ ਕੀਤੀਆਂ ਜਿਨ੍ਹਾਂ ਦੀ ਜ਼ਰੂਰਤ ਬਹੁਤ ਹੈ ਪਰ ਮੌਕੇ 'ਤੇ ਮੌਜੂਦ ਨਹੀਂ ਹਨ | ਉਨ੍ਹਾਂ ਕਿਹਾ ਕਿ ਜ਼ਿਆਦਾਤਰ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਲੈਕਚਰਾਰ ਦੀ ਘਾਟ ਪਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਹੁਣ ਤੱਕ ਉਹ ਹਲਕੇ ਦੇ ਕਰੀਬ ਦੋ ਦਰਜਨ ਸਕੂਲਾਂ ਦਾ ਦੌਰਾ ਕਰ ਚੁੱਕੇ ਹਨ | ਉਨ੍ਹਾਂ ਦੇਖਿਆ ਕਿ ਪਿਛਲੇ 4 ਸਾਲਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਵਿਕਾਸ ਦੇ ਵੱਡੇ ਕਾਰਜ ਨੇਪਰੇ ਚਾੜ੍ਹੇ ਹਨ | ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਸਿੱਖਿਆ ਮੰਤਰੀ ਦੇ ਸਾਹਮਣੇ ਲੈਕਚਰਾਰਾਂ ਦੀ ਘਾਟ ਵਾਲਾ ਮਸਲਾ ਜ਼ਰੂਰ ਰੱਖਣਗੇ | ਉਨ੍ਹਾਂ ਸਕੂਲਾਂ ਦੇ ਮੁਖੀਆਂ ਨੂੰ ਭਰੋਸਾ ਦਵਾਇਆ ਕਿ ਪੰਜਾਬ ਦੀ ਮੌਜੂਦਾ ਸਰਕਾਰ ਸਕੂਲਾਂ ਪ੍ਰਤੀ ਹਰ ਤਰ੍ਹਾਂ ਦਾ ਸੰਭਵ ਕਦਮ ਚੁੱਕ ਰਹੀ ਹੈ ਅਤੇ ਅਧਿਆਪਕਾਂ ਦੀ ਘਾਟ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ |