ਫ਼ਿਰੋਜ਼ਪੁਰ, 2 ਮਾਰਚ (ਗੁਰਿੰਦਰ ਸਿੰਘ)-ਅਧਿਆਪਕਾਂ ਦੇ ਸੇਵਾ ਵਿਚ ਬਣੇ ਰਹਿਣ ਅਤੇ ਤਰੱਕੀਆਂ 'ਤੇ ਟੀ.ਈ.ਟੀ. ਦੀ ਸ਼ਰਤ ਲਗਾਉਣ ਖ਼ਿਲਾਫ਼ ਪੰਜਾਬ ਦੀਆਂ ਸਮੂਹ ਸੰਘਰਸ਼ੀ ਅਧਿਆਪਕ ਜਥੇਬੰਦੀਆਂ ਦੇ ਸੱਦੇ 'ਤੇ ਆਮ ਆਦਮੀ ਪਾਰਟੀ ਦੇ ਬਾਈਪਾਸ ਸਤੀਏ ਵਾਲਾ ਸਥਿਤ ਮੁੱਖ ਦਫ਼ਤਰ ਵਿਖੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਅਧਿਆਪਕਾਂ ਨੇ ਰੋਸ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਪੰਜਾਬ ਦੇ ਨਾਂ 'ਰੋਸ ਪੱਤਰ' ਦਿੱਤਾ | ਰੋਸ ਪੱਤਰ ਵਿਚ ਅਧਿਆਪਕਾਂ ਨੇ ਮੰਗ ਕੀਤੀ ਕਿ ਅਧਿਆਪਕਾਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਪੰਜਾਬ ਵਿਧਾਨ ਸਭਾ ਵਿਚ ਮਤਾ ਪਾਸ ਕੀਤਾ ਜਾਵੇ ਅਤੇ ਸੁਪਰੀਮ ਕੋਰਟ ਦੇ ਗੈਰ ਵਾਜਬ ਫ਼ੈਸਲੇ ਵਿਰੁੱਧ ਰਿਵਿਊ ਪਟੀਸ਼ਨ ਦਾਇਰ ਕਰਦੇ ਹੋਏ ਪੈਂਡਿੰਗ ਤਰੱਕੀਆਂ ਮੁਕੰਮਲ ਕੀਤੀਆਂ ਜਾਣ | ਇਸ ਮੌਕੇ ਅਧਿਆਪਕ ਆਗੂਆਂ ਬਲਰਾਮ ਸ਼ਰਮਾ, ਸੁਖਜਿੰਦਰ ਸਿੰਘ ਖ਼ਾਨਪੁਰ, ਜਗਸੀਰ ਸਿੰਘ ਗਿੱਲ, ਮਲਕੀਤ ਸਿੰਘ ਹਰਾਜ, ਪਰਮਜੀਤ ਸਿੰਘ ਪੰਮਾ, ਹਰਦੀਪ ਸਿੰਘ ਤੂਰ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਐਨ.ਸੀ.ਟੀ.ਈ ਦੇ ਨੋਟੀਫ਼ਿਕੇਸ਼ਨ ਦੀ ਅਣਦੇਖੀ ਕਰਦਿਆਂ 01.09.2025 ਦੇ ਫ਼ੈਸਲੇ ਕਾਰਨ ਸਭ ਅਧਿਆਪਕਾਂ 'ਤੇ ਬੇਲੋੜੀ ਟੈੱਟ ਦੀ ਸ਼ਰਤ ਥਾਪ ਦਿੱਤੀ ਗਈ ਹੈ | ਉਨ੍ਹਾਂ ਨੇ ਮੰਗਾਂ ਦਾ ਜ਼ਿਕਰ ਕਰਦਿਆਂ ਜਬਰੀ ਥਾਪੀ ਟੀ.ਈ.ਟੀ ਦੀ ਸ਼ਰਤ ਖ਼ਿਲਾਫ਼ ਸੰਘਰਸ਼ ਨੂੰ ਅੱਗੇ ਵਧਾਉਣ ਦਾ ਅਹਿਦ ਲਿਆ | ਸਟੇਜ ਸਕੱਤਰ ਦੀ ਭੂਮਿਕਾ ਪਰਮਜੀਤ ਸਿੰਘ ਪੰਮਾ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਸ਼ਹਿਨਾਜ਼, ਚਰਨਜੀਤ ਸਿੰਘ, ਰਾਜ ਕੁਮਾਰ ਮਹਿਰੋਕ, ਨਵੀਨ ਸਚਦੇਵਾ, ਗਗਨਦੀਪ ਬਰਾੜ, ਹਰਪ੍ਰੀਤ ਸੇਖੋਂ, ਸੁਰਿੰਦਰ ਕੰਬੋਜ, ਚਰਨਜੀਤ ਸਿੰਘ, ਗੁਰਪ੍ਰੀਤ ਮੱਲੋਕੇ, ਬਲਵਿੰਦਰ ਸਿੰਘ ਭੁੱਟੋ, ਕੁਲਦੀਪ ਸਿੰਘ, ਅਮਿਤ ਸ਼ਰਮਾ, ਜਤਿੰਦਰ ਸਿੰਘ ਲੱਖੋ ਕੇ, ਅਤੇ ਭਰਾਤਰੀ ਜਥੇਬੰਦੀਆਂ ਵਲੋਂ ਅਵਤਾਰ ਸਿੰਘ ਮਹਿਮਾ ਸੀਨੀਅਰ ਮੀਤ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਜਗਰੂਪ ਸਿੰਘ ਭੁੱਲਰ ਕਿਸਾਨ ਸਟੂਡੈਂਟ ਯੂਨੀਅਨ, ਲਖਵਿੰਦਰ ਸਿੰਘ ਸਿਮਕ ਸੂਬਾਈ ਆਗੂ ਕੰਪਿਊਟਰ ਫੈਕਲਟੀ ਐਸੋਸੀਏਸ਼ਨ ਪੰਜਾਬ, ਪਰਮਜੀਤ ਸਿੰਘ ਭੁੱਲਰ ਬੀਕੇਯੂ ਸਿੱਧੂਪੁਰ ਆਦਿ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ |