ਅਬੋਹਰ, 3 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)-ਪੀ.ਡਬਲਯੂ.ਡੀ ਫ਼ੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਬਰਾਂਚ ਅਬੋਹਰ ਵਲੋਂ ਫ਼ੀਲਡ ਕਾਮਿਆਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਕਰਕੇ ਸੂਬਾ ਪੱਧਰੀ ਸੰਘਰਸ਼ ਦੀ ਲੜੀ ਵਜੋਂ ਅਬੋਹਰ ਕਮੇਟੀ ਨੇ ਇਕ ਮੰਗ ਪੱਤਰ ਵਿਭਾਗ ਮੁਖੀ ਐੱਚ.ਓ.ਡੀ ਨੂੰ ਭੇਜਿਆ ਹੈ | ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜਦ ਦੀ ਮਾਨ ਸਰਕਾਰ ਸੱਤਾ ਵਿਚ ਆਈ ਹੈ ਤਦੋਂ ਦੀ ਮੁਲਾਜ਼ਮਾਂ ਦੀ ਕੋਈ ਵੀ ਮੰਗ ਨਹੀਂ ਮੰਨੀ ਗਈ ਸਗੋਂ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਮੁਲਤਵੀ ਕਰ ਦਿੱਤੀਆਂ ਜਾਂਦੀਆਂ ਹਨ | ਉਸੇ ਹੀ ਤਰ੍ਹਾਂ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਮੁਖੀ ਵਲੋਂ ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿਚ ਮਿ੍ਤਕ ਦੇ ਵਾਰਸਾਂ ਨੂੰ ਨੌਕਰੀ ਦੇਣਾ, ਕੱਚੇ ਮੁਲਾਜ਼ਮਾਂ ਨੂੰ ਵਿਭਾਗ ਵਿਚ ਲੈ ਕੇ ਤਨਖ਼ਾਹ ਵਿਚ ਲੈ ਕੇ ਤਨਖ਼ਾਹਾਂ ਵਿਚ ਵਾਧਾ ਕੀਤਾ ਜਾਵੇ, ਦਰਜਾ ਤਿੰਨ ਅਤੇ ਦਰਜਾ ਚਾਰ ਮੁਲਾਜ਼ਮਾਂ ਨੂੰ ਟੈੱਸਟ ਪਾਸ ਤਰੱਕੀ ਦਿੱਤੀ ਜਾਵੇ, ਦਫ਼ਤਰੀ ਸੇਵਾਦਾਰਾਂ ਨੂੰ ਤਰੱਕੀ ਦਿੱਤੀ ਜਾਵੇ ਆਦਿ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ | ਇਸ ਕਰਕੇ ਵਿਭਾਗ ਅਧਿਕਾਰੀਆਂ ਨੂੰ ਮੰਗ ਪੱਤਰ ਭੇਜੇ ਜਾ ਰਹੇ ਹਨ | ਇਸ ਦੇ ਨਾਲ ਹੀ 18 ਮਾਰਚ ਨੂੰ ਵਿਭਾਗ ਮੁਖੀ ਦੇ ਦਫ਼ਤਰ ਮੁਹਾਲੀ ਵਿਖੇ ਲਾ ਮਿਸਾਲ ਧਰਨਾ ਲਗਾਇਆ ਜਾਵੇਗਾ | ਅੱਜ ਦੇ ਧਰਨੇ ਨੂੰ ਮੰਗਲ ਸਿੰਘ, ਕੁਲਵੀਰ ਸਿੰਘ, ਨੋਪਾ ਰਾਮ, ਲਾਲ ਚੰਦ ਸੱਪਾਂ ਵਾਲੀ, ਧਰਮਿੰਦਰ ਸਿੰਘ, ਮਹਾਂਵੀਰ ਸਿੰਘ, ਕਾਲੂ ਰਾਮ, ਰਜੇਸ਼ ਕੁਮਾਰ, ਸੁਖਰਾਮ ਆਦਿ ਆਗੂਆਂ ਨੇ ਸੰਬੋਧਨ ਕੀਤਾ |