ਫ਼ਾਜ਼ਿਲਕਾ, 3 ਮਾਰਚ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ ਦੇ ਕਾਰਜਾਂ ਵਿਚ ਹਮੇਸ਼ਾ ਮੋਹਰੀ ਰਹਿਣ ਵਾਲੀ ਜਨ ਸੇਵਾ ਸੁਸਾਇਟੀ ਵਲੋਂ ਆਪਣੇ 'ਰੀਸਾਈਕਲਿੰਗ ਪ੍ਰੋਜੈਕਟ' ਤਹਿਤ ਸਥਾਨਕ ਵਿਜ਼ਡਮ ਕਾਨਵੈਂਟ ਸਕੂਲ ਵਿਚ ਇਕ ਜਾਗਰੂਕਤਾ ਪ੍ਰੋਗਰਾਮ ਉਲੀਕਿਆ ਗਿਆ | ਸਵੇਰ ਦੀ ਸਭਾ ਦੌਰਾਨ ਸੁਸਾਇਟੀ ਦੇ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਪੁਰਾਣੀਆਂ ਕਾਪੀਆਂ ਦੇ ਖ਼ਾਲੀ ਪੰਨਿਆਂ ਦੀ ਮੁੜ ਵਰਤੋਂ ਕਰਨ ਅਤੇ ਉਨ੍ਹਾਂ ਨੂੰ ਦਾਨ ਕਰਨ ਲਈ ਪ੍ਰੇਰਿਤ ਕੀਤਾ | ਸੁਸਾਇਟੀ ਦੇ ਪ੍ਰਧਾਨ ਰਮਨ ਸੇਤੀਆ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਵਾਤਾਵਰਨ ਨੂੰ ਬਚਾਉਣਾ, ਬੱਚਿਆਂ ਵਿਚ ਸੇਵਾ ਭਾਵਨਾ ਪੈਦਾ ਕਰਨਾ ਅਤੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਵਿਚ ਮਦਦ ਕਰਨਾ ਹੈ | ਪ੍ਰੋਜੈਕਟ ਇੰਚਾਰਜ ਨੀਲਮ ਸਚਦੇਵਾ ਅਤੇ ਮੈਂਬਰ ਰਮੇਸ਼ ਕੁਮਾਰ ਨੇ ਬੱਚਿਆਂ ਨੂੰ ਦੱਸਿਆ ਕਿ ਕਾਗ਼ਜ਼ ਤਿਆਰ ਕਰਨ ਲਈ ਲੱਖਾਂ ਰੁੱਖ ਕੱਟੇ ਜਾਂਦੇ ਹਨ | ਰੁੱਖਾਂ ਦੀ ਘਾਟ ਕਾਰਨ ਧਰਤੀ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ, ਜਿਸ ਨੂੰ ਰੋਕਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ | ਸਕੂਲ ਦੀ ਪਿ੍ੰਸੀਪਲ ਨਮਰਤਾ ਸੰਧੂ ਅਤੇ ਮੈਨੇਜਮੈਂਟ ਕਮੇਟੀ ਮੈਂਬਰ ਪਰਮਜੀਤ ਵੈਰੜ ਨੇ ਸੁਸਾਇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਜੈਕਟਾਂ ਨਾਲ ਬੱਚਿਆਂ ਵਿਚ ਚੰਗੀਆਂ ਆਦਤਾਂ ਵਿਕਸਿਤ ਹੁੰਦੀਆਂ ਹਨ ਅਤੇ ਗ਼ਰੀਬ ਬੱਚਿਆਂ ਨੂੰ ਸਟੇਸ਼ਨਰੀ ਦੀ ਸਹੂਲਤ ਮਿਲਦੀ ਹੈ | ਇਸ ਮੌਕੇ ਸਰਪ੍ਰਸਤ ਰਤਨ ਗਰੋਵਰ, ਸੁਮਨ ਕੁੱਕੜ, ਰਮੇਸ਼ ਕੁਮਾਰ ਅਤੇ ਪ੍ਰਦੀਪ ਗੁਪਤਾ ਵੀ ਮੌਜੂਦ ਸਨ |