ਫ਼ਾਜ਼ਿਲਕਾ, 5 ਮਾਰਚ (ਦਵਿੰਦਰ ਪਾਲ ਸਿੰਘ)-ਸਥਾਨਕ ਵਾਰਡ ਨੰਬਰ 21 ਦੀ ਕੌਂਸਲਰ ਅਤੇ ਸਮਾਜ ਸੇਵੀ ਪੂਜਾ ਲੂਥਰਾ ਨੇ ਅੱਜ ਹਲਕਾ ਵਾਸੀਆਂ ਨਾਲ ਮਿਲ ਕੇ ਰੰਗਾਂ ਦੇ ਤਿਉਹਾਰ ਹੋਲੀ ਨੂੰ ਬੜੇ ਹੀ ਉਤਸ਼ਾਹ ਅਤੇ ਖ਼ੁਸ਼ੀ ਨਾਲ ਮਨਾਇਆ | ਇਸ ਮੌਕੇ ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨਾਲ ਰੰਗਾਂ ਅਤੇ ਫੁੱਲਾਂ ਦੀ ਹੋਲੀ ਖੇਡਦੇ ਹੋਏ ਆਪਸੀ ਪਿਆਰ, ਭਾਈਚਾਰੇ ਅਤੇ ਏਕਤਾ ਦਾ ਸੰਦੇਸ਼ ਦਿੱਤਾ | ਹੋਲੀ ਦੇ ਇਸ ਤਿਉਹਾਰ ਦੌਰਾਨ ਇਲਾਕੇ ਵਿਚ ਖ਼ੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ | ਬੱਚੇ, ਨੌਜਵਾਨ, ਬਜ਼ੁਰਗ ਅਤੇ ਮਹਿਲਾਵਾਂ ਸਾਰਿਆਂ ਨੇ ਮਿਲ ਕੇ ਰੰਗਾਂ ਦੇ ਇਸ ਤਿਉਹਾਰ ਨੂੰ ਮਨਾਇਆ | ਉਨ੍ਹਾਂ ਕਿਹਾ ਕਿ ਕੈਮੀਕਲ ਵਾਲੇ ਰੰਗਾਂ ਦੀ ਜਗਾ ਕੁਦਰਤੀ ਰੰਗਾਂ ਅਤੇ ਫੁੱਲਾਂ ਦੀ ਵਰਤੋਂ ਕਰਕੇ ਅਸੀਂ ਆਪਣੀ ਸਿਹਤ ਅਤੇ ਵਾਤਾਵਰਨ ਦੀ ਰੱਖਿਆ ਕਰ ਸਕਦੇ ਹਾਂ | ਇਸ ਮੌਕੇ ਗੱਲਬਾਤ ਕਰਦਿਆਂ ਕੌਂਸਲਰ ਪੂਜਾ ਲੂਥਰਾ ਨੇ ਹਲਕਾ ਵਾਸੀਆਂ ਨੂੰ ਹੋਲੀ ਦੀ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਹੋਲੀ ਸਿਰਫ਼ ਰੰਗਾਂ ਦਾ ਹੀ ਨਹੀਂ ਬਲਕਿ ਪਿਆਰ ਅਤੇ ਮੇਲ-ਮਿਲਾਪ ਦਾ ਤਿਉਹਾਰ ਹੈ | ਇਹ ਤਿਉਹਾਰ ਸਾਨੂੰ ਪੁਰਾਣੀਆਂ ਰੰਜਸ਼ਾਂ ਭੁੱਲਾ ਕੇ ਨਵੀਂ ਸ਼ੁਰੂਆਤ ਕਰਨ ਦਾ ਸੰਦੇਸ਼ ਦਿੰਦਾ ਹੈ | ਉਨ੍ਹਾਂ ਕਿਹਾ ਕਿ ਸਾਰੇ ਲੋਕਾਂ ਨੂੰ ਚਾਹੀਦਾ ਹੈ ਕਿ ਇਸ ਤਿਉਹਾਰ ਨੂੰ ਆਪਸੀ ਸਦਭਾਵਨਾ ਅਤੇ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ਲਈ ਮਨਾਇਆ ਜਾਵੇ | ਕੌਂਸਲਰ ਨੇ ਕਿਹਾ ਕਿ ਸਮਾਜ ਵਿਚ ਏਕਤਾ ਅਤੇ ਭਾਈਚਾਰਾ ਬਣਾਈ ਰੱਖਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ | ਤਿਉਹਾਰ ਸਾਨੂੰ ਇੱਕ-ਦੂਜੇ ਦੇ ਕਰੀਬ ਲਿਆਉਂਦੇ ਹਨ ਅਤੇ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰਦੇ ਹਨ | ਅੰਤ ਵਿਚ ਕੌਂਸਲਰ ਪੂਜਾ ਲੂਥਰਾ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਸ-ਪਾਸ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਤਿਉਹਾਰਾਂ ਦੌਰਾਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ਪ੍ਰਸ਼ਾਸਨ ਦਾ ਸਹਿਯੋਗ ਕਰਨ |