ਫ਼ਾਜ਼ਿਲਕਾ, 5 ਮਾਰਚ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਕਵਿਤਾ ਸਿੰਘ ਜੀ ਦੀ ਦੇਖ ਰੇਖ 'ਚ ਜ਼ਿਲ੍ਹਾ ਹਸਪਤਾਲ ਫ਼ਾਜ਼ਿਲਕਾ ਵਿਖੇ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਹਿਊਮਨ ਪੈਪੀਲੋਮਾ ਵਾਇਰਸ ਵੈਕਸੀਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਸਮੇਂ ਡਾ ਰਿੰਕੂ ਚਾਵਲਾ ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ ਏਰਿਕ ਸੀਨੀਅਰ ਮੈਡੀਕਲ ਅਫ਼ਸਰ, ਮਾਸ ਮੀਡੀਆ ਤੋਂ ਵਿਨੋਦ ਖੁਰਾਨਾ ਦਿਵੇਸ਼ ਕੁਮਾਰ, ਦਵਿੰਦਰ ਕੌਰ, ਗੁਰਪ੍ਰੀਤ ਕੌਰ, ਪ੍ਰਭਜੋਤ ਕੌਰ ਹਾਜ਼ਰ ਸਨ | ਇਸ ਮੌਕੇ ਡਾ ਰਿੰਕੂ ਚਾਵਲਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਇਹ ਵੈਕਸੀਨ 14 ਤੋਂ 15 ਸਾਲ ਤੱਕ ਦੀਆਂ ਲੜਕੀਆਂ ਦੇ ਲਗਾਈ ਜਾ ਰਹੀ ਹੈ ਅਤੇ ਇਹ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਹੈ | ਉਨ੍ਹਾਂ ਦੱਸਿਆ ਕਿ ਐੱਚ ਪੀ ਵੀ ਵਾਇਰਸ ਸਰਵਾਈਕਲ ਕੈਂਸਰ ਦਾ ਮੁੱਖ ਕਾਰਨ ਹੈ ਅਤੇ ਜੇਕਰ ਸਹੀ ਉਮਰ ਵਿਚ ਇਹ ਟੀਕਾਕਰਨ ਕਰਵਾ ਲਿਆ ਜਾਵੇ, ਤਾਂ ਇਸ ਕੈਂਸਰ ਦੇ ਖ਼ਤਰੇ ਨੂੰ ਲਗਭਗ 90 ਫ਼ੀਸਦੀ ਤੱਕ ਘਟਾਇਆ ਜਾ ਸਕਦਾ ਹੈ | ਡਾ ਏਰਿਕ ਸੀਨੀਅਰ ਮੈਡੀਕਲ ਅਫ਼ਸਰ ਨੇ ਸਮਾਜ ਸੇਵੀ ਸੰਸਥਾਵਾਂ, ਮੀਡੀਆ ਤੇ ਸਮੂਹ ਨਾਗਰਿਕਾਂ ਨੂੰ ਇਸ ਮੁਹਿੰਮ ਨੂੰ ਸਫਲ ਬਣਾਉਣ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ |