ਮੰਡੀ ਰੋੜਾਂਵਾਲੀ, 5 ਮਾਰਚ (ਮਨਜੀਤ ਸਿੰਘ ਬਰਾੜ)-ਹੋਲੀ ਦੇ ਤਿਉਹਾਰ ਮੌਕੇ ਅੱਲ੍ਹੜ ਉਮਰ ਦੇ ਨੌਜਵਾਨਾਂ ਵਲੋਂ ਅੱਜ ਆਪਣੀ ਜਵਾਨੀ ਦਾ ਜੋਸ਼ ਵਿਖਾਉਂਦਿਆਂ ਮੰਡੀ ਦੇ ਬਾਜ਼ਾਰ ਵਿਚ ਬਿਨਾਂ ਕਿਸੇ ਡਰ ਦੋ ਪਹੀਆ ਵਹੀਕਲਾਂ ਤੇ ਸਵਾਰ ਹੋ ਕੇ ਸ਼ਰੇਆਮ ਹੁੱਲੜਬਾਜ਼ੀ ਕੀਤੀ ਗਈ ਅਤੇ ਚੀਕਾਂ ਮਾਰੀਆਂ ਗਈਆਂ, ਜਿਸ ਨੂੰ ਲੈ ਕੇ ਅਮਨ ਪਸੰਦ ਲੋਕ ਸਥਾਨਕ ਪੁਲਿਸ ਨੂੰ ਕੋਸਦੇ ਰਹੇ | ਕਾਨੂੰਨ ਨੂੰ ਸ਼ਿੱਕੇ ਟੰਗ ਕੇ ਦੁਪਹਿਰ ਸਮੇਂ 11 ਵਜੇ ਦੇ ਕਰੀਬ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਵਲੋਂ ਕਰੀਬ 10 ਮੋਟਰਸਾਈਕਲ, ਐਕਟਿਵਾ ਤੇ ਚਾਰ-ਚਾਰ ਜਣੇ ਸਵਾਰ ਹੋ ਕੇ ਮੰਡੀ ਰੋੜਾਂਵਾਲੀ ਦੇ ਬਾਜ਼ਾਰ ਵਿਚ ਲਲਕਾਰੇ, ਚੀਕਾ ਮਾਰਦੇ ਮੋਟਰਸਾਈਕਲਾਂ ਦੇ ਪਟਾਕੇ ਪਾਉਂਦੇ ਕਈ-ਕਈ ਗੇੜੇ ਲਗਾਉਂਦੇ ਦਹਿਸ਼ਤ ਪਾਉਂਦੇ ਰਹੇ, ਜਿਨ੍ਹਾਂ ਨੂੰ ਰੋਕਣ ਲਈ ਸਥਾਨਕ ਪੁਲਿਸ ਖ਼ਾਮੋਸ਼ ਰਹੀ, ਕਿਸੇ ਵਲੋਂ ਵੀ ਉਨ੍ਹਾਂ ਨੂੰ ਰੋਕਿਆ ਨਹੀਂ ਗਿਆ | ਮੰਡੀ ਰੋੜਾਂਵਾਲੀ ਨਿਵਾਸੀ ਤਿਲਕ ਰਾਜ ਦਾ ਕਹਿਣਾ ਹੈ ਕਿ ਨੌਜਵਾਨਾਂ ਦੀ ਹੁੱਲੜਬਾਜ਼ੀ ਕਾਰਨ ਕਿਸੇ ਸਮੇਂ ਵੀ ਕੋਈ ਅਣਸੁਖਾਂਵੀ ਘਟਨਾ ਵਾਪਰ ਸਕਦੀ ਸੀ, ਪੁਲਿਸ ਵਲੋਂ ਇਕ ਵਾਰ ਵੀ ਬਾਜ਼ਾਰ ਵਿਚ ਗੇੜਾ ਨਹੀਂ ਲਗਾਇਆ ਗਿਆ 'ਤੇ ਹੁੱਲੜਬਾਜ਼ਾ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ | ਤਿਲਕ ਰਾਜ ਦਾ ਕਹਿਣਾ ਹੈ ਕਿ ਮੰਡੀ ਦੇ ਬਾਜ਼ਾਰ ਵਿਚ ਕਈ ਵਾਰ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ 'ਤੇ ਜਿਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਜਾ ਚੁੱਕੀ ਹੈ, ਪਰ ਪੁਲਿਸ ਵਲੋਂ ਬਾਜ਼ਾਰ ਵਿਚ ਗ਼ਲਤ ਅਨਸਰਾਂ ਨੂੰ ਡਰ ਅਤੇ ਨੱਥ ਪਾਉਣ ਲਈ ਕੋਈ ਕਦਮ ਨਹੀਂ ਚੁੱਕੇ ਗਏ | ਸਥਾਨਕ ਮੰਡੀ ਨਿਵਾਸੀਆਂ ਦੀ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਹੈ ਕਿ ਸਥਾਨਕ ਬਾਜ਼ਾਰ ਵਿਚ ਗ਼ਲਤ ਅਨਸਰਾਂ ਨੂੰ ਨੱਥ ਪਾਉਣ ਲਈ ਪੁਲਿਸ ਦੀ ਬਾਜ਼ਾਰ ਵਿਚ ਵੱਖ-ਵੱਖ ਸਮੇਂ ਤੇ ਗਸ਼ਤ ਕਰਵਾਈ ਜਾਵੇ |