ਫ਼ਾਜ਼ਿਲਕਾ, 5 ਮਾਰਚ (ਦਵਿੰਦਰ ਪਾਲ ਸਿੰਘ)-ਆਪਸੀ ਭਾਈਚਾਰਕ ਸਾਂਝ ਨੂੰ ਦਰਸਾਉਂਦਾ ਰੰਗਾਂ ਦਾ ਤਿਉਹਾਰ ਹੋਲੀ ਫ਼ਾਜ਼ਿਲਕਾ ਇਲਾਕੇ ਅੰਦਰ ਲੋਕਾਂ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਸਵੇਰ ਤੋਂ ਹੀ ਨੌਜਵਾਨ ਲੜਕੇ ਲੜਕੀਆਂ ਟੋਲੇ ਬਣਾ ਕੇ ਇਕ ਦੂਸਰੇ ਦੇ ਘਰਾਂ ਵਿਚ ਜਾ ਰੰਗ ਪਾਉਂਦੇ ਦੇਖੇ ਗਏ | ਦੁਪਹਿਰ ਤੱਕ ਸ਼ਹਿਰ ਦਾ ਕੋਈ ਵੀ ਗਲੀ ਮੁਹੱਲਾ ਰੰਗਾ ਤੋਂ ਖ਼ਾਲੀ ਨਹੀਂ ਸੀ | ਦੋ ਪਹੀਆ ਵਾਹਨਾਂ 'ਤੇ ਤਿੰਨ ਚਾਰ ਸਵਾਰੀਆਂ ਨੌਜਵਾਨਾਂ ਦੀਆਂ ਟੋਲੀਆਂ ਬਾਜ਼ਾਰਾਂ ਵਿਚ ਲੋਕਾਂ 'ਤੇ ਰੰਗ ਪਾਉਂਦੇ ਅਤੇ ਹੁੱਲੜਬਾਜ਼ੀ ਕਰਦੇ ਵੀ ਦੇਖੇ ਗਏ | ਫ਼ਾਜ਼ਿਲਕਾ ਦੁਪਹਿਰ ਤੱਕ ਕਰੀਬ ਸਾਰੇ ਬਾਜ਼ਾਰ ਬੰਦ ਪਏ ਸਨ | ਮੈਡੀਕਲ ਦੀਆਂ ਦੁਕਾਨਾਂ ਅਤੇ ਖਾਣ ਪੀਣ ਵਾਲੀਆਂ ਦੁਕਾਨਾਂ ਦੁਪਹਿਰ ਦੋ ਵਜੇ ਤੋਂ ਬਾਅਦ ਖੁੱਲ੍ਹੀਆਂ | ਦੁਪਹਿਰ ਤੋਂ ਬਾਅਦ ਬਾਜ਼ਾਰ ਵਿਚ ਆਮ ਬੰਦੇ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ | ਗਲੀ ਮੁਹੱਲਿਆਂ ਵਿਚ ਛੋਟੇ-ਛੋਟੇ ਬੱਚੇ ਵੀ ਆਪਣੇ ਅੰਦਾਜ਼ ਵਿਚ ਨੱਚਦੇ ਨਜ਼ਰ ਆਏ | ਨੌਜਵਾਨ ਖ਼ੁਸ਼ੀ ਨਾਲ ਰੰਗ ਪਾਉਂਦੇ ਗੀਤਾਂ 'ਤੇ ਆਪਣੇ ਜਸ਼ਨ ਮਨਾ ਰਹੇ ਸਨ | ਉੱਧਰ ਪੁਲਿਸ ਨੇ ਵੀ ਸ਼ਹਿਰ ਦੇ ਵੱਖ-ਵੱਖ ਚੌਂਕਾ ਅੰਦਰ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਰੋਕਣ ਲਈ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਸਨ | ਸ਼ਾਮ ਨੂੰ ਖਾਣ ਪੀਣ ਦੇ ਸ਼ੌਕੀਨਾਂ ਦੀਆਂ ਰੌਣਕਾਂ ਹੋਟਲਾਂ ਰੈਸਟੋਰੈਂਟਾਂ 'ਤੇ ਲੱਗੀਆਂ ਹੋਈਆਂ ਸਨ |