ਮੰਡੀ ਅਰਨੀਵਾਲਾ, 5 ਮਾਰਚ (ਨਿਸ਼ਾਨ ਸਿੰਘ ਮੋਹਲ਼ਾ)-ਪਿੰਡ ਖਿਓਵਾਲੀ ਬੋਦਲਾ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਹੋਲੀ ਦਾ ਤਿਉਹਾਰ ਵੱਖਰੇ ਢੰਗ ਨਾਲ ਮਨਾਇਆ ਗਿਆ | ਸੂਬੇਦਾਰ ਹਰਭਜਨ ਸਿੰਘ ਬਾਠ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲੀ ਦੇ ਤਿਉਹਾਰ ਮੌਕੇ ਨੌਜਵਾਨ ਲੜਕੇ-ਲੜਕੀਆਂ ਲਈ ਦੌੜਾਂ ਦੇ ਮੁਕਾਬਲੇ ਕਰਵਾਏ ਅਤੇ ਪਹਿਲੇ ਸਥਾਨ ਹਾਸਲ ਕਰਨ ਵਾਲਿਆਂ ਨੂੰ ਜਿੱਥੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ | ਉੱਥੇ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਨੌਜਵਾਨ ਲੜਕੇ ਲੜਕੀਆਂ ਨੂੰ ਵਰਦੀਆਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸੂਬੇਦਾਰ ਹਰਭਜਨ ਸਿੰਘ ਨੇ ਕਿਹਾ ਕਿ ਹੋਲੀ ਮੌਕੇ ਨੌਜਵਾਨਾਂ ਨੂੰ ਹੁੱਲੜਬਾਜ਼ੀ ਦੀ ਥਾਂ ਖੇਡਾਂ ਨਾਲ ਜੁੜਨਾ ਚਾਹੀਦਾ ਹੈ ਉਨ੍ਹਾਂ ਨੇ ਕਿਹਾ ਕਿ ਸਾਡਾ ਮਕਸਦ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੋੜਨਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਇਹ ਸਾਰਾ ਉਪਰਾਲਾ ਦਾਨੀ ਸੱਜਣਾਂ ਦੇ ਸਹਿਯੋਗ ਦੇ ਨਾਲ ਕੀਤਾ ਜਾਂਦਾ ਹੈ | ਪਰ ਉਨ੍ਹਾਂ ਨੇ ਇਹ ਗਿਲਾ ਵੀ ਜ਼ਾਹਿਰ ਕੀਤਾ ਕਿ ਕੁੱਝ ਸਿਆਸੀ ਆਗੂਆਂ ਵਲੋਂ ਸਾਨੂੰ ਖੇਡਾਂ ਦੇ ਲਈ ਮਦਦ ਨਹੀਂ ਦਿੱਤੀ ਜਾਂਦੀ | ਖੇਡ ਪ੍ਰਬੰਧਕਾਂ ਨੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦਾ ਧੰਨਵਾਦ ਕੀਤਾ | ਜਿਨ੍ਹਾਂ ਵਲੋਂ ਖਿਡਾਰੀਆਂ ਦੇ ਹੌਸਲਾ ਅਫਜਾਈ ਲਈ ਮਾਲੀ ਮਦਦ ਦਿੱਤੀ ਗਈ | ਇਨ੍ਹਾਂ ਖੇਡਾਂ ਦਾ ਆਗਾਜ਼ ਮਨਜਿੰਦਰ ਸਿੰਘ ਸਾਜਨ ਖੇੜਾ, ਪ੍ਰਕਾਸ਼ ਪ੍ਰਧਾਨ, ਬਲਕਾਰ ਸਿੰਘ ਕਚੂਰਾ, ਜੱਗਾ ਸਿੰਘ ਢਿੱਲੋਂ, ਜਸਦੀਪ ਸਿੰਘ ਢਿੱਲੋਂ ਸਾਬਕਾ ਸਰਪੰਚ ਘਟਿਆਂ ਵਾਲੀ, ਗਗਨਦੀਪ ਸਿੰਘ ਪੁੰਨੀ ਨੇ ਕੀਤਾ | ਇਸ ਮੌਕੇ ਖੇਡ ਪ੍ਰਬੰਧਕ ਸੂਬੇਦਾਰ ਹਰਭਜਨ ਸਿੰਘ ਬਾਠ ਕੋਚ ਬਲਕਾਰ ਸਿੰਘ ਆਰਮੀ ਕੋਚ, ਕੈਪਟਨ ਰਜਿੰਦਰ ਸਿੰਘ ਅਰਨੀਵਾਲਾ, ਸੂਬੇਦਾਰ ਹਰਭਜਨ ਦਾਸ ਅਰਨੀ ਵਾਲਾ, ਸ਼ਾਮ ਲਾਲ ਨੰਬਰਦਾਰ, ਡਾਕਟਰ ਗਗਨ ਹਾਜ਼ਰ ਸਨ | ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਸਾਬਕਾ ਵਿਧਾਇਕ ਰਮਿੰਦਰ ਆਵਲਾ ਦੇ ਨਿੱਜੀ ਸਕੱਤਰ ਅਮਰ ਸਿੰਘ ਨੇ ਕੀਤੀ | ਇਨ੍ਹਾਂ ਮੁਕਾਬਲਿਆਂ ਵਿਚ 60 ਸਾਲਾ ਸਾਬਕਾ ਕੈਪਟਨ ਜੋਗਿੰਦਰ ਸਿੰਘ ਪਟਿਆਲਾ ਤੋਂ ਵਿਸ਼ੇਸ਼ ਤੌਰ ਤੇ ਪੁੱਜੇ | ਜਿਨ੍ਹਾਂ ਨੇ 10 ਕਿੱਲੋਮੀਟਰ ਦੌੜ ਵਿਚ ਹਿੱਸਾ ਲਿਆ | ਇਸੇ ਤਰ੍ਹਾਂ 10 ਸਾਲਾ ਆਜਾਦਬੀਰ ਸਿੰਘ ਅਤੇ 11 ਸਾਲਾ ਅਰਪਨ ਕੌਰ ਦੋਵੇਂ ਭੈਣ ਭਰਾ ਇਨਾਂ ਖੇਡਾਂ ਵਿਚ ਜੇਤੂ ਰਹੇ | 10 ਕਿੱਲੋਮੀਟਰ ਦੌੜ ਵਿਚ ਸੰਦੀਪ ਵਾਸੀ ਚਰਖੀ ਦਾਦਰੀ ਹਰਿਆਣਾ ਪਹਿਲੇ, ਸੰਜੇ ਕੁਮਾਰ ਦੂਜੇ, ਅੰਡਰ 19 ਵਰਗ 5 ਕਿੱਲੋਮੀਟਰ ਵਿਚ ਕਰਨਜੀਤ ਸਿੰਘ ਗੁਰੂਹਰਸਹਾਇ ਪਹਿਲੇ, ਸੁਮਿਤ ਸਿੰਘ ਢਾਬ ਖ਼ੁਸ਼ਹਾਲ ਜੋਈਆਂ ਦੂਜੇ, ਗੁਰਪ੍ਰੀਤ ਸਿੰਘ ਤੀਸਰੇ, ਅਮਰਜੀਤ ਸਿੰਘ ਚੌਥੇ ਸਥਾਨ ਤੇ ਰਹੇ | ਦੋ ਕਿੱਲੋਮੀਟਰ ਲੜਕੀਆਂ ਦੀ ਦੌੜ ਵਿਚ ਅਰਪਣ ਕੌਰ ਪਹਿਲੇ, ਰਣਜੀਤ ਕੌਰ ਦੂਜੇ, ਅਮਨ ਤੀਜੇ ,ਪਿ੍ਅੰਕਾ ਕੰਬੋਜ ਚੌਥੇ, ਅਮਨਦੀਪ ਕੌਰ ਪੰਜਵੇਂ, ਨੀਲਮ ਰਾਣੀ ਛੇਵੇਂ ਅਤੇ ਗਗਨਦੀਪ ਕੌਰ ਸੱਤਵੇਂ ਸਥਾਨ ਤੇ ਰਹੀ |