ਫ਼ਾਜ਼ਿਲਕਾ, 7 ਮਾਰਚ (ਦਵਿੰਦਰ ਪਾਲ ਸਿੰਘ)- ਜ਼ਿਲ੍ਹਾ ਮੈਜਿਸਟਰੇਟ ਅਮਰਪ੍ਰੀਤ ਕੌਰ ਸੰਧੂ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫ਼ਾਜ਼ਿਲਕਾ ਦੀ ਹਦੂਦ ਅੰਦਰ ਨਿੱਜੀ ਕਬਜ਼ੇ, ਮਾਲਕੀ ਵਾਲੇ ਖ਼ਾਲੀ ਪਏ ਪਲਾਟਾਂ ਵਿਚ ਕੂੜੇ ਕਰਕਟ, ਗੰਦਗੀ ਅਤੇ ਗੰਦੇ ਪਾਣੀ ਦੇ ਇਕੱਠੇ ਹੋਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਬਚਾਅ ਲਈ ਅਗਾਉਂ ਢੁਕਵੇਂ ਪ੍ਰਬੰਧ ਯਕੀਨੀ ਬਣਾਉਣਾ ਹੈ | ਹੁਕਮਾਂ ਰਾਹੀਂ ਸ਼ਹਿਰ ਵਿਚ ਖ਼ਾਲੀ ਪਏ ਪਲਾਟਾਂ ਦੇ ਮਾਲਕ, ਕਾਬਜ਼ ਆਪਣੇ ਖ਼ਾਲੀ ਪਲਾਟਾਂ 'ਚ ਲੱਗੇ ਕੂੜੇ ਕਰਕਟ ਦੇ ਢੇਰ, ਗੰਦਗੀ ਤੇ ਮੀਂਹ ਦੇ ਰੁਕੇ ਹੋਏ ਗੰਦੇ ਪਾਣੀ ਦੀ ਤੁਰੰਤ ਸਾਫ਼ ਸਫ਼ਾਈ ਆਪਣੇ ਪੱਧਰ 'ਤੇ ਕਰਵਾਉਣੀ ਯਕੀਨੀ ਬਣਾਉਣਗੇ | ਆਪਣੀ ਮਾਲਕੀ/ਕਬਜ਼ੇ ਵਾਲੇ ਖ਼ਾਲੀ ਪਲਾਟ ਦੇ ਆਲ਼ੇ ਦੁਆਲੇ ਪੱਕੀ ਚਾਰ ਦੀਵਾਰੀ ਜਾਂ ਤਾਰਬੰਦੀ ਕਰਵਾਉਣੀ ਯਕੀਨੀ ਬਣਾਈ ਜਾਵੇ ਤਾਂ ਜੋ ਪਲਾਟ ਵਿਚ ਕੂੜਾ ਕਰਕਟ ਇਕੱਠਾ ਹੋਣ ਤੋਂ ਰੋਕਿਆ ਜਾਵੇ | ਵਿਅਕਤੀਆਂ ਦੀ ਮਾਲਕੀ, ਕਬਜ਼ੇ ਅਧੀਨ ਖ਼ਾਲੀ ਪਏ ਪਲਾਟਾਂ ਵਿਚ ਕੂੜਾ-ਕਰਕਟ, ਗੰਦਗੀ ਗੰਦਾ ਪਾਣੀ ਇਕੱਠਾ ਹੋਣ ਨਾਲ ਕਈ ਤਰ੍ਹਾਂ ਦੇ ਨੁਕਸਾਨਦਾਇਕ ਜੀਵ ਜੰਤੂ ਪੈਦਾ ਹੁੰਦੇ ਹਨ ਜੋ ਕਿ ਵੱਖ-ਵੱਖ ਬਿਮਾਰੀਆਂ ਫੈਲਾਉਂਦੇ ਹਨ | ਇਹ ਸਭ ਦੀ ਰੋਕਥਾਮ ਲਈ ਇਹ ਹੁਕਮ ਜ਼ਰੂਰੀ ਹਨ | ਨਗਰ ਕੌਂਸਲ, ਨਗਰ ਪੰਚਾਇਤ ਫ਼ਾਜ਼ਿਲਕਾ ਅਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਜ਼ਿਲ੍ਹਾ ਫ਼ਾਜ਼ਿਲਕਾ ਆਪਣੇ ਆਪਣੇ ਅਧਿਕਾਰ ਖੇਤਰ ਵਿਚ ਬੀ.ਐਨ.ਐੱਸ.ਐੱਸ ਦੀ ਧਾਰਾ 163 ਰਾਹੀਂ ਇਨ੍ਹਾਂ ਹੁਕਮਾਂ ਦੀ ਪਾਲਨਾ ਪੰਜਾਬ ਮਿਊਾਸੀਪਲ ਕਾਰਪੋਰੇਸ਼ਨ ਐਕਟ 1976, ਐਨਵਾਇਰਮੈਂਟ (ਪ੍ਰੋਟੈਕਸ਼ਨ) ਐਕਟ 1986 ਅਤੇ ਮਿਊਾਸੀਪਲ ਸੋਲੀਡ ਵੇਸਟ ਰੂਲਜ਼ 2016 ਅਤੇ ਪੰਜਾਬ ਪੰਚਾਇਤ ਰਾਜ ਐਕਟ 1994 ਅਧੀਨ ਅਧਿਕਾਰਾਂ ਤਹਿਤ ਕਰਵਾਉਣੀ ਯਕੀਨੀ ਬਣਾਉਣਗੇ | ਇਹ ਹੁਕਮ 30 ਅਪ੍ਰੈਲ 2026 ਤੱਕ ਜ਼ਿਲ੍ਹਾ ਫ਼ਾਜ਼ਿਲਕਾ ਅੰਦਰ ਲਾਗੂ ਰਹਿਣਗੇ |