ਫ਼ਾਜ਼ਿਲਕਾ,7 ਅਪ੍ਰੈਲ (ਦਵਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਫ਼ਾਜ਼ਿਲਕਾ ਇਕਾਈ ਵਲੋਂ ਬੇਮੌਸਮੀ ਵਰਖਾ, ਗੜੇ੍ਹਮਾਰੀ ਨਾਲ ਹਾੜੀ ਦੀ ਮੁੱਖ ਫ਼ਸਲ ਕਣਕ, ਹਰਾ ਚਾਰਾ ਅਤੇ ਬਾਗ਼ਾਂ ਦਾ ਜੋ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ, ਦੇ ਮੁਆਵਜ਼ੇ ਲਈ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਇਕ ਮੰਗ ਪੱਤਰ ਡੀ.ਸੀ ਫ਼ਾਜ਼ਿਲਕਾ ਨੂੰ ਸੌਂਪਿਆ | ਜਿਸ ਵਿਚ ਮੰਗ ਕੀਤੀ ਗਈ ਕਿ ਖ਼ਰਾਬ ਹੋਈ ਫ਼ਸਲ ਦੀ ਸਪੈਸ਼ਲ ਗਿਰਦਾਵਰੀ ਤੁਰੰਤ ਕਰਵਾਈ ਜਾਵੇ ਅਤੇ ਨੁਕਸਾਨੀ ਗਈ ਫ਼ਸਲ ਦਾ ਮੁਆਵਜ਼ਾ 50 ਹਜ਼ਾਰ ਰੁਪਏ ਪ੍ਰਤੀ ਏਕੜ ਦਿੱਤਾ ਜਾਵੇ ਤਾਂ ਜੋ ਕਿਸਾਨ ਆਪਣੇ ਘਰ ਦਾ ਖਰਚਾ ਚਲਾ ਸਕੇ | ਉਨ੍ਹਾਂ ਨੇ ਇਸ ਤੋਂ ਇਲਾਵਾ ਮੰਗ ਕੀਤੀ ਹੈ ਕਿ ਬਹੁਤੀਆਂ ਥਾਵਾਂ 'ਤੇ ਕਣਕ ਦੀ ਫ਼ਸਲ ਧਰਤੀ 'ਤੇ ਵਿਛ ਗਈ ਹੈ | ਜਿਸ ਦੀ ਕਟਾਈ ਵੀ ਮਹਿੰਗੀ ਹੋਵੇਗੀ ਅਤੇ ਕਣਕ ਦਾ ਝਾੜ ਵੀ ਘਟੇਗਾ ਇਸ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ | ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ, ਮਾਸਟਰ ਬੂਟਾ ਸਿੰਘ, ਬਾਜ਼ ਸਿੰਘ ਘਟਿੱਆਵਾਲੀ, ਬਲਵੰਤ ਸਿੰਘ ਰਾਣਾ, ਗੁਰਲਾਲ ਸਿੰਘ, ਦਵਿੰਦਰ ਸਿੰਘ, ਸੁਰਜੀਤ ਸਿੰਘ, ਬਲਦੇਵ ਸਿੰਘ, ਲਖਮੀਰ ਸਿੰਘ, ਫ਼ੌਜਾ ਸਿੰਘ, ਗੁਰਪ੍ਰੀਤ ਸਿੰਘ, ਆਦਿ ਨੇ ਕਿਹਾ ਕਿ 2022 ਅੰਦਰ ਨਰਮੇ ਦੀ ਫ਼ਸਲ ਤਬਾਹ ਹੋ ਗਈ ਸੀ ਉਸ ਸਮੇਂ ਸਰਕਾਰ ਨੇ ਗਿਰਦਾਵਰੀ ਕਰਵਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ ਪਰ ਹਾਲੇ ਉਹ ਮੁਆਵਜ਼ਾ ਕਿਸਾਨਾਂ ਨੂੰ ਨਹੀਂ ਮਿਲਿਆ | ਉਹ ਵੀ ਤੁਰੰਤ ਦਿੱਤਾ ਜਾਵੇ, ਉਨ੍ਹਾਂ ਕਿਹਾ ਕਿ ਨਰਮੇ ਦੇ ਬੀਜਾਂ 'ਤੇ ਐਲਾਨੀ ਸਬਸਿਡੀ ਵੀ ਦਿੱਤੀ ਜਾਵੇ |