ਅਬੋਹਰ, 7 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਖ਼ਾਲਸਾ ਪੰਥ ਦੇ ਸਿਰਜਨਾ ਦਿਵਸ ਨੂੰ ਸਮਰਪਿਤ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਭਾਈ ਘਨ੍ਹੱਈਆ ਸੇਵਾ ਸੁਸਾਇਟੀ ਅਬੋਹਰ ਵਲੋਂ ਸਥਾਨਕ ਗੁਰੂ ਕਿਰਪਾ ਕਾਲੋਨੀ ਸਥਿਤ ਭਾਈ ਘਨ੍ਹੱਈਆ ਜੀ ਭਲਾਈ ਕੇਂਦਰ ਤੋਂ ਨਗਰ ਕੀਰਤਨ ਸਜਾਇਆ ਗਿਆ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੁੱਖ ਸੇਵਾਦਾਰ ਪਰਮਿੰਦਰ ਸਿੰਘ ਪੰਮਾ ਖ਼ਾਲਸਾ ਅਤੇ ਬਲਵਿੰਦਰ ਸਿੰਘ ਬਿੰਦਰ ਖ਼ਾਲਸਾ ਨੇ ਦੱਸਿਆ ਕਿ ਉਕਤ ਨਗਰ ਕੀਰਤਨ ਭਾਈ ਘਨ੍ਹੱਈਆ ਜੀ ਭਲਾਈ ਕੇਂਦਰ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁੰਦਰ ਪਾਲਕੀ ਵਿਚ ਆਰੰਭ ਹੋ ਕੇ ਅਬੋਹਰ ਅਤੇ ਬੱਲੂਆਣਾ ਦੇ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਦੇਰ ਸ਼ਾਮ ਅਰਨੀਵਾਲਾ ਕੇਂਦਰ ਵਿਖੇ ਸਮਾਪਤ ਹੋਇਆ ਜਿਸ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ | ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਸੰਗਤਾਂ ਨੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕਰਦੇ ਹੋਏ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ | ਇਸ ਦੇ ਨਾਲ ਹੀ 12 ਅਪ੍ਰੈਲ ਐਤਵਾਰ ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਕੀਰਤਨ ਦਰਬਾਰ ਭਾਈ ਘਨੱਈਆ ਜੀ ਭਲਾਈ ਕੇਂਦਰ ਵਿਖੇ ਹੋਵੇਗਾ ਜਿਸ ਵਿਚ ਲੋੜਵੰਦ ਪਰਿਵਾਰਾਂ ਦੀਆਂ 6 ਲੜਕੀਆਂ ਦੇ ਅਨੰਦ ਕਾਰਜ ਵੀ ਕਰਵਾਏ ਜਾਣਗੇ | ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਮਾਗਮ ਵਿਚ ਲੋੜਵੰਦ ਲੜਕੀਆਂ ਨੂੰ ਆਸ਼ੀਰਵਾਦ ਦੇਣ ਲਈ ਜ਼ਰੂਰ ਪਹੁੰਚਣ | ਇਸ ਮੌਕੇ ਬਲਜੀਤ ਸਿੰਘ, ਅਮਰਦੀਪ ਸਿੰਘ, ਪਰਮਿੰਦਰ ਸਿੰਘ ਗਿੱਲ, ਭੁਪਿੰਦਰ ਸਿੰਘ, ਬਲਜੀਤ ਸਿੰਘ ਬੱਬਲਾ, ਸੁਰਜੀਤ ਸਿੰਘ ਚਲਾਣਾ, ਵਿਨੈ ਪ੍ਰਤਾਪ ਸਿੰਘ ਖ਼ਾਲਸਾ, ਜਸਬੀਰ ਸਿੰਘ, ਧਰਮਿੰਦਰ ਸਿੰਘ, ਟੀਟੂ ਮਿਸਤਰੀ ਆਦਿ ਹਾਜ਼ਰ ਸਨ |