05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਬੇਤਰਤੀਬੀ ਸੜਕ ਤਾਂ ਬਣਾ ਤੀ ਪਰ ਨਹੀਂ ਬਣਾਏ ਨਿਕਾਸੀ ਲਈ ਚੈਂਬਰ

Ad Position 21
No active advertisement
ਅਜੀਤ ਡੈਸਕ 09-04-2026
ਫ਼ਾਜ਼ਿਲਕਾ, 8 ਅਪ੍ਰੈਲ (ਅਮਰਜੀਤ ਸ਼ਰਮਾ)-ਸਥਾਨਕ ਡੈਡ ਹਾਊਸ ਰੋਡ 'ਤੇ ਮੰਡੀ ਬੋਰਡ ਵਲੋਂ ਬਣਾਈ ਜਾ ਰਹੀ ਸੜਕ ਠੇਕੇਦਾਰਾਂ ਦੀ ਲਾਪਰਵਾਹੀ ਅਤੇ ਅਫ਼ਸਰਾਂ ਦੀ ਕੁੰਭਕਰਨੀ ਨੀਂਦ ਕਾਰਨ ਜਗ੍ਹਾ-ਜਗ੍ਹਾ ਤੋਂ ਧਸਣ ਲੱਗ ਪਈ ਹੈ | ਲਾਪਰਵਾਹੀ ਅਤੇ ਬਿਨਾਂ ਕਿਸੇ ਵਿਉਂਤਬੰਦੀ ਤੋਂ ਬਣਾਈ ਜਾ ਰਹੀ ਇਹ ਲੋਕਿੰਗ ਟਾਈਲਾਂ ਵਾਲੀ ਸੜਕ ਕੋਰਟ ਰੋਡ ਤੋਂ ਥਾਣਾ ਸਦਰ ਤੱਕ ਬਣ ਰਹੀ ਹੈ | ਜਿਸ 'ਤੇ ਸੜਕ ਬਣਨ ਦਾ ਅੱਧ ਤੋਂ ਜ਼ਿਆਦਾ ਕੰਮ ਹੋ ਚੁੱਕਿਆ ਹੈ, ਪਰ ਸੜਕ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਲਈ ਬਣਾਏ ਜਾਣ ਵਾਲੇ ਚੈਂਬਰ ਹਾਲੇ ਤੱਕ ਨਹੀਂ ਬਣਾਏ ਗਏ | ਜਿਸ ਕਾਰਨ ਪਿਛਲੇ 8, 10 ਦਿਨਾਂ ਤੋਂ ਇਲਾਕੇ ਅੰਦਰ ਹੋ ਰਹੀ ਵਰਖਾ ਕਾਰਨ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਾਰਾ ਪਾਣੀ ਪਾਸਿਆਂ ਤੋਂ ਜ਼ਮੀਨ ਅੰਦਰ ਸਮਾ ਰਿਹਾ ਹੈ | ਜਿਸ ਕਾਰਨ ਸੜਕ ਹੁਣ ਤੋਂ ਹੀ ਧਸਣੀ ਸ਼ੁਰੂ ਹੋ ਗਈ ਹੈ | ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਕ ਪਾਸੇ ਤਾਂ ਸਰਕਾਰਾਂ ਕੰਮ ਕਰਵਾਉਣ ਲਈ ਲੱਖਾਂ ਰੁਪਏ ਮੁਹੱਈਆ ਕਰਵਾ ਰਹੀ ਹੈ, ਪਰ ਸਬੰਧਿਤ ਅਫ਼ਸਰ ਫ਼ੀਲਡ ਵਿਚ ਜਾਣ ਦੀ ਬਜਾਏ ਦਫ਼ਤਰਾਂ ਵਿਚ ਬੈਠ ਕੇ ਹੀ ਸਮਾਂ ਟਪਾ ਜਾਂਦੇ ਹਨ | ਜਿਸ ਕਾਰਨ ਠੇਕੇਦਾਰ ਲਾਪਰਵਾਹੀ ਨਾਲ ਕੰਮ ਕਰਕੇ ਆਪਣੀ ਬਣਦੀ ਰਕਮ ਲੈ ਕੇ ਅੱਗੇ ਚਲੇ ਜਾਂਦੇ ਹਨ | ਪਰ ਇਸ ਦਾ ਖ਼ਮਿਆਜ਼ਾ ਬਾਅਦ ਵਿਚ ਮੁਹੱਲਾ ਵਾਸੀਆਂ ਜਾ ਉਸ ਇਲਾਕੇ ਦੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਉਹ ਕਈ ਵਾਰ ਸਬੰਧਿਤ ਅਧਿਕਾਰੀਆਂ ਨੂੰ ਇਸ ਸੜਕ ਦੇ ਕਿਨਾਰੇ ਦੋਨੋਂ ਪਾਸੇ ਪਾਣੀ ਦੀ ਨਿਕਾਸੀ ਲਈ ਚੈਂਬਰ ਬਣਾਉਣ ਲਈ ਗੁਹਾਰ ਲਗਾ ਚੁੱਕੇ ਹਨ, ਪਰ ਇਸ ਦਾ ਕੋਈ ਅਸਰ ਨਹੀਂ ਹੋਇਆ | ਉਨ੍ਹਾਂ ਦੱਸਿਆ ਕਿ ਜਾ ਤਾਂ ਠੇਕੇਦਾਰਾਂ ਦੇ ਕਰਿੰਦੇ ਇਨ੍ਹਾਂ ਅਫ਼ਸਰਾਂ ਨੂੰ ਟਿੱਚ ਜਾਣਦੇ ਹਨ ਜਾ ਫਿਰ ਇਨ੍ਹਾਂ ਦੀ ਪ੍ਰਵਾਹ ਨਹੀਂ ਕਰਦੇ | ਉਨ੍ਹਾਂ ਦੱਸਿਆ ਕਿ ਸੜਕ ਦੇ ਦੋਨੋਂ ਪਾਸੇ ਕਿਨਾਰਿਆਂ 'ਤੇ ਬਜਰੀ ਨਾ ਪਾਉਣ ਕਾਰਨ ਇਹ ਲਾਕਿੰਗ ਟਾਈਲਾਂ ਆਪਣੀਆਂ ਥਾਂ ਛੱਡ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬਾਰਸ਼ ਪੈ ਰਹੀ ਹੈ ਅਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਜੋ ਪਾਣੀ ਇਸ ਵਿਚ ਸਮਾ ਗਿਆ ਹੈ ਇਸ ਨਾਲ ਸੜਕ ਦੇ ਬੈਠਣ ਦਾ ਖ਼ਦਸ਼ਾ ਜੱਗ ਜ਼ਾਹਿਰ ਹੈ | ਇਸ ਤੋਂ ਇਲਾਵਾ ਸੜਕ 'ਤੇ ਜਗ੍ਹਾ-ਜਗ੍ਹਾ 'ਤੇ ਮਲਬੇ ਦੇ ਢੇਰ ਵੀ ਲੱਗੇ ਹੋਏ ਹਨ ਜਿਸ ਕਾਰਨ ਆਉਂਦੇ ਜਾਂਦੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਮੁਹੱਲਾ ਵਾਸੀਆਂ ਨੇ ਮੰਗ ਕੀਤੀ ਕਿ ਡੈਡ ਹਾਊਸ ਰੋਡ 'ਤੇ ਅੱਧ ਵਿਚਾਲੇ ਤੱਕ ਬਣ ਚੁੱਕੀ ਸੜਕ 'ਤੇ ਪਿੱਛੇ ਤੋਂ ਰਹਿੰਦੇ ਪਾਣੀ ਦੀ ਨਿਕਾਸੀ ਲਈ ਛੱਡੇ ਗਏ ਚੈਂਬਰਾਂ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਅਤੇ ਸੀਵਰੇਜ਼ਾਂ ਦੇ ਢੱਕਣ ਉੱਚੇ ਕਰਕੇ ਲਗਾਏ ਜਾਣ | ਇਸ ਤੋਂ ਇਲਾਵਾ ਸੜਕ ਨੂੰ ਸਹੀਂ ਮਾਪਦੰਡਾਂ ਨਾਲ ਬਣਾਇਆ ਜਾਵੇ ਅਤੇ ਸਬੰਧਿਤ ਠੇਕੇਦਾਰਾਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ 'ਤੇ ਰੋਕ ਲਗਾਈ ਜਾਵੇ |
ਕੀ ਕਹਿਣਾ ਹੈ ਜੇ.ਈ ਦਾ
-ਇਸ ਸਬੰਧੀ ਜਦ ਮੰਡੀ ਬੋਰਡ ਦੇ ਜੇ.ਈ.ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਬਣਾ ਰਹੀ ਲੇਬਰ ਦੂਸਰੇ ਪਾਸੇ ਪਿੰਡ ਵਿਚ ਚੱਲ ਰਹੇ ਕੰਮ 'ਤੇ ਚਲੀ ਗਈ ਹੈ ਅਤੇ ਉਹ ਕੱਲ੍ਹ ਹੀ ਇਸ ਲੇਬਰ ਨੂੰ ਇੱਧਰ ਭੇਜ ਕੇ ਕੰਮ ਪੂਰਾ ਕਰਵਾ ਦੇਣਗੇ |
Ad Position 22
No active advertisement
ਪਿਛਲੀ ਖ਼ਬਰ ਇੱਕਤਰਫ਼ਾ ਪਿਆਰ 'ਚ ਪਾਗਲ ਨੌਜਵਾਨ ਵਲੋਂ ਵਿਧਵਾ ਮਹਿਲਾ 'ਤੇ ਕਾਤਲਾਨਾ ਹਮਲਾ ਅਗਲੀ ਖ਼ਬਰ ਅਬੋਹਰ 'ਚ ਸੀਵਰੇਜ ਜਾਮ ਕਾਰਨ ਹਾਲਾਤ ਬਦਤਰ, ਥਾਣਾ ਸਦਰ ਸਮੇਤ ਕਈ ਇਲਾਕੇ ਜਲਥਲ
Ad Position 24