ਮੰਡੀ ਅਰਨੀਵਾਲਾ, 8ਅਪ੍ਰੈਲ (ਨਿਸ਼ਾਨ ਸਿੰਘ ਮੋਹਲ਼ਾ)-ਬਾਰਸ਼ ਅਤੇ ਗੜੇ੍ਹਮਾਰੀ ਕਰਕੇ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਜਾਇਜ਼ਾ ਲੈਣ ਲਈ ਪ੍ਰਸ਼ਾਸਨ ਫ਼ੀਲਡ ਦੇ ਵਿਚ ਉੱਤਰ ਆਇਆ ਹੈ | ਬਲਾਕ ਅਰਨੀਵਾਲਾ ਦੇ ਪਿੰਡਾਂ ਵਿਚ ਐੱਸ.ਡੀ.ਐਮ. ਜੁਗਰਾਜ ਸਿੰਘ ਕਾਹਲੋਂ ਵਲੋਂ ਬਾਰਸ਼ ਅਤੇ ਗੜੇ੍ਹਮਾਰੀ ਕਾਰਨ ਨੁਕਸਾਨੀ ਗਈਆਂ ਫ਼ਸਲਾਂ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨੁਕਸਾਨੀਆਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾ ਰਹੀ ਹੈ ਅਤੇ ਕਿਸਾਨਾਂ ਦਾ ਜੋ ਵੀ ਨੁਕਸਾਨ ਹੋਇਆ ਹੈ ਉਸ ਦਾ ਜਲਦ ਤੋਂ ਜਲਦ ਮੁਆਵਜ਼ਾ ਦਿੱਤਾ ਜਾਵੇਗਾ | ਐੱਸ.ਡੀ.ਐਮ ਜੁਗਰਾਜ ਸਿੰਘ ਵਲੋਂ ਹਾੜੀ ਦੀ ਫ਼ਸਲ ਜਿੰਨਾ ਪਿੰਡਾਂ ਵਿਚ ਨੁਕਸਾਨੀ ਗਈ ਸੀ ਉਸ ਦਾ ਜਾਇਜ਼ਾ ਲੈਣ ਲਈ ਉਹ ਪਿੰਡ ਕਮਾਲ ਵਾਲਾ, ਇਸਲਾਮ ਵਾਲਾ, ਟਾਹਲੀ ਵਾਲਾ, ਪਾਕਾ, ਝੋਟਿਆਂ ਵਾਲੀ ਵਿਚ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ ਨਿਰਦੇਸ਼ ਹੇਠ ਪ੍ਰਭਾਵਿਤ ਪਿੰਡਾਂ ਵਿਚ ਪਟਵਾਰੀਆਂ ਨੂੰ ਸਪੈਸ਼ਲ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਹਨ | ਉਨ੍ਹਾਂ ਕਿਹਾ ਜਿਸ ਵੀ ਕਿਸਾਨ ਦਾ ਨੁਕਸਾਨ ਹੋਇਆ ਹੈ | ਉਸ ਸਬੰਧੀ ਰਿਪੋਰਟ ਤਿਆਰ ਕਰਕੇ ਜਲਦ ਤੋਂ ਜਲਦ ਮੁਆਵਜ਼ੇ ਲਈ ਸਰਕਾਰ ਨੂੰ ਭੇਜੀ ਜਾਵੇਗੀ |